Amritsar News : ਮਾਨ ਸਰਕਾਰ ਨੇ ਪੱਕੇ ਕੀਤੇ ਅਧਿਆਪਕ, ਪਿੰਡ ਵਾਲਿਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ:ਲੰਬੇ ਸਮੇਂ ਤੋਂ ਕੱਚੇ ਅਧਿਆਪਕ ਸ਼ਬਦ ਨਾਲ ਪੁਕਾਰੇ ਜਾ ਰਹੇ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੱਕੇ (ਰੈਗੂਲਰ) ਕੀਤੇ ਜਾਣ 'ਤੇ ਅਧਿਆਪਕਾਂ ਦੇ ਨਾਲ ਨਾਲ ਸਕੂਲਾਂ ਦੇ ਸਬੰਧਿਤ ਪਿੰਡਾਂ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਜਿਨ੍ਹਾਂ ਵਲੋਂ ਬੜੇ ਚਾਅ ਤੇ ਸਤਿਕਾਰ ਨਾਲ ਰੈਗੂਲਰ ਹੋਏ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਆਮ ਆਦਮੀ ਪਾਰਟੀ ਸਰਕਾਰ ਦਾ ਧੰਨਵਾਦ ਕਰਦਿਆਂ ਵਾਅਦੇ ਵਫ਼ਾ ਹੁੰਦੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨਰਾਇਣਗੜ੍ਹ ਦੀਆਂ ਦੋ ਅਧਿਆਪਕਾਵਾਂ ਨੂੰ ਪੰਜਾਬ ਸਰਕਾਰ ਵੱਲੌਂ ਰੈਗੂਲਰ ਕਰਨ ਤੇ ਪਿੰਡ ਵਾਸੀਆਂ ਨੇ ਸਕੂਲ ਵਿੱਚ ਰੱਖੇ ਪ੍ਰੋਗਰਾਮ ਦੌਰਾਨ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਰੈਗੂਲਰ ਹੋਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ: ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਧਿਆਪਕਾ ਮਨਦੀਪ ਕੌਰ ਅਤੇ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ 2011 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਕੱਚੇ ਅਧਿਆਪਕ ਤੌਰ ਤੇ 2000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਸਕੂਲ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਰੈਗੂਲਰ ਹੋਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਸਮੇਂ ਸਮੇਂ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਅਤੇ ਝੋਨਾ ਦਰਮਿਆਨ ਜਾਂ ਫਿਰ ਧਰਨੇ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਕਿਸੇ ਵੀ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ।
ਮੁੱਖ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਪੂਰਾ :ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸੇ ਤਰ੍ਹਾਂ ਰੈਗੂਲਰ ਹੋਣ ਦੀ ਮੰਗ ਨੂੰ ਲੈਅ ਕੇ ਚੱਲ ਰਹੇ ਧਰਨੇ ਦੌਰਾਨ ਤਤਕਾਲੀਨ ਸੰਸਦ ਮੈਂਬਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ, ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅਧਿਆਪਕਾਂ ਦੇ ਨਾਮ ਤੋਂ ਕੱਚੇ ਸ਼ਬਦ ਨੂੰ ਹਟਾ ਕੇ ਪੱਕਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਅਧਿਆਪਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਧੰਨਵਾਦੀ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਿਗੂਣੀਆਂ ਤਨਖਾਹਾਂ ਨਾਲ ਉਨ੍ਹਾਂ ਦੇ ਘਰ ਦਾ ਗੁਜਾਰਾ ਤਕ ਔਖਾ ਸੀ ਪਰ ਹੁਣ ਸਰਕਾਰ ਵਲੋਂ ਰੈਗੂਲਰ ਕਰਕੇ ਦਿੱਤੇ ਗਏ ਤੋਹਫ਼ੇ ਨਾਲ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਹੋਵੇਗਾ ਅਤੇ ਉਹ ਚੰਗੇ ਨਾਲ ਆਪਣਾ ਗੁਜਾਰਾ ਕਰ ਪਾਉਣਗੇ।
ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਵਲੋਂ ਦਿੱਤੇ ਗਏ ਮਾਣ ਸਨਮਾਨ ਲਈ ਧੰਨਵਾਦ ਕੀਤਾ ਅਤੇ ਪਹਿਲਾਂ ਵਾਂਗ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਕੁੱਝ ਸਾਥੀ ਸਰਕਾਰ ਦੇ ਇਸ ਫੈਸਲੇ ਤੋਂ ਥੋੜ੍ਹਾ ਨਰਾਜ ਹਨ ਪਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਅਧੂਰੀਆਂ ਸ਼ਰਤਾਂ ਨੂੰ ਵੀ ਸਰਕਾਰ ਵਲੋਂ ਬਹੁਤ ਜਲਦ ਪੂਰਿਆਂ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ. ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ ਢਿੱਲੋਂ ਰਾਣਾ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਸੁੱਖਦੇਵ ਸਿੰਘ, ਜਸਵੰਤ ਸਿੰਘ,ਗੁਰਪਾਲ ਸਿੰਘ,ਸ਼ਿੰਦਰ ਸਿੰਘ,ਬਲਜੀਤ ਸਿੰਘ,ਅਨਮੋਲਕ ਸਿੰਘ,ਮੁਖਤਿਆਰ ਸਿੰਘ ਈ ਟੀ ਟੀ ਅਧਿਆਪਕ ਨੇ ਦੋਵਾਂ ਅਧਿਆਪਕਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਲੋਕਾਂ ਵਿੱਚ ਜੋ ਚੋਣ ਮਨੋਰਥ ਪੱਤਰ ਲੈਅ ਕੇ ਆਈ ਸੀ।ਸਰਕਾਰ ਵਲੋਂ ਉਹ ਵਾਅਦੇ ਹੌਲੀ ਹੌਲੀ ਪੂਰੇ ਕੀਤੇ ਜਾ ਰਹੇ ਹਨ।ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਧੰਨਵਾਦ ਕਰਦੇ ਹਨ।