ਅੰਮ੍ਰਿਤਸਰ :ਵਾਰਿਸ ਪੰਜਾਬ ਦੇ ਮੁਖੀ ਅਤੇ ਫਿਲਮ ਅਦਾਕਾਰ ਦੀਪ ਸਿੱਧੂ ਦਾ ਅੱਜ ਜਨਮ ਦਿਨ ਹੈ,ਜਿਸ ਨੂੰ ਖਾਸ ਬਣਾਉਣ ਦੇ ਲਈ ਓਹਨਾ ਦੀ ਮਹਿਲਾ ਮਿੱਤਰ ਅਦਾਕਾਰਾ ਰੀਨਾ ਰਾਏ ਅੱਜ ਖਾਸ ਤੌਰ 'ਤੇ ਸਿੱਖੀ ਸਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਸਿੰਘਣੀ ਦੇ ਰੂਪ 'ਚ ਨਜ਼ਰ ਆਈ ਰੀਨਾ ਰਾਏ ਨੇ ਦੀਪ ਸਿੱਧੂ ਦੇ ਜਨਮ ਦਿਨ 'ਤੇ ਨੌਜਵਾਨਾਂ ਨੂੰ ਸਿੱਖਿਆ ਦਾ ਤੋਹਫਾ ਦਿੱਤਾ। ਰੀਨਾ ਰਾਏ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਦੀਪ ਸਿੱਧੂ ਦੇ ਜਨਮ ਦਿਨ 'ਤੇ ਹਰਿਮੰਦਰ ਸਾਹਿਬ ਮੱਥਾ ਟੇਕਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਜਨਮਦਿਨ ਮਨਾਉਣਾ ਚਾਹੁੰਦੀ ਸੀ। ਕਿਓਂਕਿ ਦੀਪ ਸਿੱਧੂ ਨੂੰ ਵੀ ਬੱਚਿਆਂ ਨਾਲ ਬਹੁਤ ਪਿਆਰ ਅਤੇ ਲਗਾਵ ਸੀ।
ਸਿੱਖਿਆ ਨੂੰ ਪ੍ਰਫੁੱਲਤ ਕਰਨ ਦੇ ਹਮਾਇਤੀ :ਇਸ ਦੌਰਾਨ ਰੀਨਾ ਰਾਏ ਨੇ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਇਸ ਦੇ ਨਾਲ ਹੀ ਦੀਪ ਸਿੱਧੂ ਦੀਆਂ ਤਸਵੀਰਾਂ ਵਾਲੀਆਂ ਕਿੱਟਾਂ ਵੀ ਵੰਡੀਆਂ। ਰੀਨਾ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਮਾਧਿਅਮ ਹੀ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ , ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਹੋਵੇਗੀ ਤਾਂ ਹੀ ਉਹ ਆਪਣੇ ਹੱਕ ਦੀ ਆਵਾਜ਼ ਚੁੱਕੇਗੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਬਕਾ ਮੁਖੀ ਮਰਹੂਮ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਕਿਹਾ ਕਿ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਕਿਤਾਬਾਂ ਵੀ ਵੰਡੀਆਂ। ਉਨ੍ਹਾਂ ਕਿਹਾ ਕਿ ਦੀਪ ਹਮੇਸ਼ਾ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੀ ਗੱਲ ਕਰਦਾ ਸੀ। ਉਹ ਹਮੇਸ਼ਾ ਹੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੇ ਹਮਾਇਤੀ ਰਹੇ, ਉਨ੍ਹਾਂ ਦਾ ਸੁਪਨਾ ਲੋੜਵੰਦਾਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨਾ ਸੀ।