ਅੰਮ੍ਰਿਤਸਰ: ਬਗ਼ਾਵਤੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ–ਟਿਊਬ ਚੈਨਲ ’ਤੇ ਵੀਡੀਓ ਸਾਂਝੀ ਕਰ ਇੱਕ ਵਾਰ ਫਿਰ ਸਰਕਾਰ ਅਤੇ ਸਿਸਟਮ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਵੀਡੀਓ ’ਚ ਉਹ ਬਿਨਾਂ ਕਿਸੇ ਦਾ ਨਾਂਅ ਲਏ ਸੱਤਾਧਾਰੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਦੱਸ ਰਹੇ ਹਨ ਕਿ ਇਹ ਸੂਬਾ ਉਨ੍ਹਾਂ ਦੇ ਦਿੱਤੇ ਟੈਕਸਾਂ ਨਾਲ ਚੱਲਦਾ ਹੈ।
ਸਿੱਧੂ ਨੇ ਕਿਹਾ ਕਿ ਟੈਕਸ ਦੇ ਤੌਰ ’ਤੇ ਦਿੱਤਾ ਜਾ ਰਿਹਾ ਪੈਸਾ ਉਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਨਾ ਕਿ ਜੁੱਤੀ ਬਣ ਕੇ ਉਨ੍ਹਾਂ ਦੇ ਸਿਰ ’ਤੇ ਹੀ ਆ ਕੇ ਲੱਗਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਪੰਜਾਬ ਦੀ ਜਨਤਾ ਤਬਦੀਲੀ ਲਿਆਵੇਗੀ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪੇਗੀ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ ਉੱਤੇ ਬਹਿ ਕੇ ਰਾਜ ਕਰਨ।