ਅੰਮ੍ਰਿਤਸਰ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਸਾਰ ਪੰਜਾਬ ਵਿੱਚ ਸਿਆਸੀ ਭੂਚਾਲ ਤੋਂ ਇਲਾਵਾ ਸਮੁੱਚੇ ਮੁਲਾਜ਼ਮ ਵਰਗਾਂ ਵਿੱਚ ਸਰਕਾਰੀ ਲਾਰਿਆਂ ਤੋਂ ਅੱਕ ਕੇ ਗੁੱਸਾ ਸੱਤਵੇਂ ਅਸਮਾਨ ‘ਤੇ ਚੱਲ ਰਿਹਾ ਹੈ, ਜਿਸ ਦੇ ਰੋਸ ਵਜੋਂ ਠੇਕਾ ਅਧਾਰਿਤ ਮੁਲਾਜ਼ਮਾਂ ਵਲੋਂ ਵੱਖ ਵੱਖ ਜੱਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਵਿੱਚ ਮੁੱਖ ਮਾਰਗ ਜਾਮ ਕੀਤੇ ਗਏ ਹਨ, ਇਸੇ ਤਹਿਤ ਕੱਚੇ ਮੁਲਾਜਮਾਂ ਵਲੋਂ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਕੱਥੂਨੰਗਲ ਟੋਲ ਪਲਾਜ਼ਾ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਨੈਸ਼ਨਲ ਹਾਈਵੇ ਜਾਮ ਕੀਤੇ ਗਏ ਹਨ, ਜਿਸ ਵਿੱਚ ਦਿੱਲੀ ਤੋਂ ਸਰਹਿੰਦ ਨੈਸ਼ਨਲ ਹਾਈਵੇ, ਰਾਮਪੁਰਾ ਫੂਲ, ਮੰਡੀ ਗੋਬਿੰਦਗੜ, ਪਠਾਨਕੋਟ ਤੋਂ ਜਾਂਦੇ ਹੋਏ ਕੱਥੂਨੰਗਲ ਟੋਲ ਪਲਾਜਾ ‘ਤੇ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਿੰਨੇ ਵੀ ਸਰਕਾਰੀ ਅਦਾਰੇ ਜਿਸ ‘ਚ ਬਿਜਲੀ ਬੋਰਡ, ਪਨਬੱਸ, ਜਲ ਸਪਲਾਈ, ਸਿੱਖਿਆ ਵਿਭਾਗ, ਮਨਰੇਗਾ, ਮੀਟਰ ਰੀਡਰ ਵਿੱਚ ਠੇਕਾ ਅਧਾਰਿਤ ਮੁਲਾਜ਼ਮ ਰੱਖੇ ਗਏ ਹਨ ਉਨ੍ਹਾਂ ਨੂੰ ਪੱਕਿਆਂ ਕੀਤਾ ਜਾਵੇ।