ਅੰਮ੍ਰਿਤਸਰ : ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਪਠਾਨਕੋਟ ਵਿਖੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਨਜ਼ਰ ਆਈ ਆਪਸੀ ਖਿੱਚੋਤਾਣ ਉਤੇ ਬਿਆਨ ਦਿੱਤਾ ਹੈ। ਅੰਮ੍ਰਿਤਸਰ ਤੋਂ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਨਹੀਂ, ਸਗੋਂ ਕਾਂਗਰਸ ਜੋੜੋ ਯਾਤਰਾ ਕੱਢਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪਤਾ ਹੀ ਨਹੀਂ ਉਹ ਕਿੱਧਰ ਨੂੰ ਜਾ ਰਹੀ ਹੈ। ਵੇਰਕਾ ਨੇ ਕਾਂਗਰਸ ਪਾਰਟੀ ਉਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਸੀ ਸਹਿਮਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਰੈਲੀ ਵਿਚ ਕਾਂਗਰਸੀ ਵਰਕਰ ਇਕ ਦੂਜੇ ਦੇ ਕੱਪੜੇ ਫਾੜਦੇ ਨਜ਼ਰ ਆਏ ਸਨ।
ਵੇਰਕਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਂਗਰਸ ਉਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਅੱਜ ਤਕ ਕੁਝ ਨਹੀਂ ਸਿੱਖਿਆ ਤੇ ਨਾ ਹੀ ਕੁਝ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਪੁਰਾਣੀਆਂ ਗਲਤੀਆਂ ਦਹੁਰਾ ਰਹੀ ਹੈ। ਪਠਾਨਕੋਟ ਵਿੱਚ ਭਾਰਤ ਜੋੜੋ ਰੈਲੀ ਦੌਰਾਨ ਪ੍ਰਤਾਪ ਬਾਜਵਾ ਦੇ ਸੰਬੋਧਨ ਉਤੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਬਾਜਵਾ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ 2024 ਵਿਚ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ। ਪਹਿਲਾਂ ਜੋ ਵੀ ਬਣੇ ਉਹ ਨਕਲੀ ਲੋਕ ਕੁਰਸੀ ਉਤੇ ਬਿਠਾਏ ਗਏ ਸਨ। ਉਨ੍ਹਾਂ ਕਿਹਾ ਕਿ ਬਾਜਵਾ ਵੱਲੋਂ ਇਹ ਬਿਆਨ ਜਾਰੀ ਕਰ ਕੇ ਸਿੱਧੇ ਤੌਰ ਉਤੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਅਕਸ ਨੂੰ ਢਾਹ ਲਾਈ ਹੈ।