ਅੰਮ੍ਰਿਤਸਰ:ਹਾਲੇ ਕੁਝ ਦਿਨ ਹੀ ਬੀਤੇ ਹਨ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਬਿਆਸ ਨਾਲ ਸਬੰਧਿਤ ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਕਿ ਹੁਣ ਅਮਰੀਕਾ ਦੇ ਲਾਸ ਵੇਗਾਸ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੇ ਵਸਨੀਕ ਗੁਰਿੰਦਰ ਸਿੰਘ ਬਾਠ ਦੀ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਖਬਰ ਹੈ।
ਮ੍ਰਿਤਕ ਗੁਰਿੰਦਰ ਸਿੰਘ ਬਾਠ ਦੇ ਪੁੱਤਰ ਪੂਜਨ ਬਾਠ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਇਸੇ ਸਾਲ ਪਹਿਲਾਂ ਜਨਵਰੀ ਮਹੀਨੇ ਵਿੱਚ ਅਮਰੀਕਾ ਤੋਂ ਆਏ ਸਨ ਅਤੇ ਫਿਰ ਕੁਝ ਸਮਾਂ ਇੱਥੇ ਭਾਰਤ ਵਿੱਚ ਬਤੀਤ ਕਰ ਵਾਪਿਸ ਪਰਤ ਗਏ ਸਨ, ਜਿਸ ਤੋਂ ਬਾਅਦ ਉਨਾਂ ਦੇ ਪਿਤਾ ਮਾਰਚ ਮਹੀਨੇ ਵਿਚ ਮੁੜ ਰਈਆ ਆਏ ਸਨ ਅਤੇ ਕਹਿੰਦੇ ਸਨ ਕਿ ਹੁਣ ਤੁਹਾਡੇ (ਆਪਣੇ ਬੱਚਿਆਂ) ਨਾਲ ਹੀ ਵਾਪਸ ਜਾਣਗੇ ਅਤੇ 6 ਮਹੀਨੇ ਭਾਰਤ ਹੀ ਰਹਿਣਗੇ ਪਰ ਬਾਅਦ ਵਿੱਚ ਉਹ ਕਿਸੇ ਕਾਰਨ ਇਸ ਮਈ ਦੇ ਦੂਜੇ ਹਫਤੇ ਦੇ ਸ਼ੁਰੂ ਵਿੱਚ ਹੀ ਵਾਪਸ ਅਮਰੀਕਾ ਚਲੇ ਗਏ।
ਮ੍ਰਿਤਕ ਦੇ ਪੁੱਤਰ ਪੂਜਨ ਨੇ ਦੱਸਿਆ ਕਿ ਉਸਦੇ ਪਿਤਾ 12 ਮਈ ਨੂੰ ਅਮਰੀਕਾ ਵਿੱਚ ਹੀ ਰਹਿੰਦੇ, ਉਨਾਂ ਦੇ ਮਾਸੀ ਦੇ ਘਰ ਗਏ ਸਨ। ਇਸ ਦੌਰਾਨ ਉਨ੍ਹਾਂ ਆਪਣੀ ਪਤਨੀ ਹਰਿੰਦਰ ਕੌਰ ਨੂੰ ਕਿਹਾ ਕਿ ਤੁਸੀਂ ਆਪਣੀ ਕਾਰ 'ਤੇ ਘਰ ਜਾਓ ਮੈਂ ਥੋੜੀ ਦੇਰ ਵਿੱਚ ਆਉਦਾਂ ਹਾਂ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਇਸ ਦੌਰਾਨ ਜਦ ਉਹ ਘਰ ਵਾਪਸ ਜਾ ਰਹੇ ਸਨ ਤਾਂ ਇੱਕ ਟਰਾਲਾ ਚਾਲਕ ਨਾਲ ਅਚਾਨਕ ਭਿਆਨਕ ਹਾਦਸਾ ਹੋ ਜਾਣ ਕਾਰਣ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਫਿਲਹਾਲ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਉਨ੍ਹਾਂ ਵਲੋਂ ਕਾਗਜੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਅਮਰੀਕਾ ਜਾ ਕੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਉਣਗੇ।
ਦੱਸ ਦੇਈਏ ਕਿ ਗੁਰਿੰਦਰ ਸਿੰਘ ਬਾਠ ਆਪਣੇ ਪਿੱਛੇ ਪਤਨੀ ਹਰਿੰਦਰ ਕੌਰ, ਪੁੱਤਰ ਪੂਜਨਪਾਲ ਸਿੰਘ, ਪੁੱਤਰ ਰਾਜਨਪਾਲ ਸਿੰਘ ਅਤੇ ਪਰਿਵਾਰ ਨੂੰ ਛੱਡ ਗਏ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਦੇ 'ਐਕਸ਼ਨ' ਤੋਂ ਬਾਅਦ ਵੀ ਸਿੱਧੂ ਦਾ ਕੈਪਟਨ ਨੂੰ ਚੈਲੇਂਜ!