ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਮਨਮੋਹਕ ਰੂਪ ਦਿੱਤਾ ਗਿਆ ਹੈ। ਇਹ ਸਟੇਸ਼ਨ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਉੱਤੇ ਆਧੁਨਿਕ ਢੰਗ ਨਾਲ ਉਸਾਰਿਆ ਜਾ ਰਿਹਾ ਹੈ ਪਾਕਿਸਤਾਨ ਦਾ ਇਹ ਸਭ ਤੋਂ ਖੂਬਸੂਰਤ ਤੇ ਵੱਡਾ ਸਟੇਸ਼ਨ ਹੋਵਗਾ।
ਸ੍ਰੀ ਨਨਕਾਣਾ ਸਾਹਿਬ ਵਿਖੇ ਉਸਾਰਿਆ ਜਾ ਰਿਹੈ ਦਿਲਕਸ਼ ਰੇਲਵੇ ਸਟੇਸ਼ਨ - Senat Of Pakistan
ਸ੍ਰੀ ਨਨਕਾਣਾ ਸਾਹਿਬ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਧਾਰਮਿਕ ਤੇ ਗੈਰ-ਸਪਾਟਾ ਤੇ ਹੈਰੀਟੇਜ ਕਮੇਟੀ ਦੇ ਮੁੱਖੀ ਤੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਪਹੁੰਚੇ।
ਸ੍ਰੀ ਨਨਕਾਣਾ ਸਾਹਿਬ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਤੋਂ ਬਾਅਦ ਚੌਧਰੀ ਮੁਹੰਮਦ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਦੱਸਿਆ ਕਿ ਉਕਤ ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਦੀ ਅਸਥਾਈ ਰਿਹਾਇਸ਼ ਤੇ ਆਰਾਮ ਕਰਨ ਲਈ ਵੇਟਿੰਗ ਹਾਲ ਤੇ ਸਰਾਂ ਵੀ ਬਣਾਈ ਜਾ ਰਹੀ ਹੈ। ਗਵਰਨਰ ਨੇ ਰੇਲਵੇ ਸਟੇਸ਼ਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ ਉਸਾਰੀ ਜਾਣ ਵਾਲੀ ਸੁਰੰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੰਗਲੈਂਡ ਦੇ ਸਿੱਖ ਕਾਰੋਬਾਰੀਆਂ ਵਲੋਂ ਪਾਕਿ ਸਥਿਤ ਗੁਰੂਧਾਮਾਂ ਦੇ ਰੱਖ-ਰਖਾਅ ਲਈ ਕਰੀਬ 44 ਅਰਬ ਰੁਪਏ ਦਾ ਯੋਗਦਾਨ ਪਾਉਣ ਸਬੰਧੀ ਕੀਤੇ ਗਏ ਐਲਾਨ ਦਾ ਵੀ ਸਵਾਗਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸੁਰੰਗ ਰਾਹੀਂ ਯਾਤਰੀ ਰੇਲਵੇ ਸਟੇਸ਼ਨ ਤੋਂ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਜਾਣਗੇ ਤੇ ਉਨ੍ਹਾਂ ਦੀ ਆਮਦ ਦੌਰਾਨ ਸ਼ਹਿਰ ਵਿੱਚ ਜਾਮ ਨਹੀਂ ਲੱਗੇਗਾ। ਗਵਰਨਰ ਨੇ ਦੱਸਿਆ ਗੁਰਪੂਰਬ ਮੌਕੇ 10 ਹਜ਼ਾਰ ਯਾਤਰੀਆਂ ਲਈ ਵੀਜ਼ਾ ਜਾਰੀ ਕੀਤਾ ਜਾਵੇਗਾ ਤੇ ਪ੍ਰਕਾਸ਼ ਪੂਰਬ ਤੋਂ ਪਹਿਲਾਂ-ਪਹਿਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦਾ ਪਹਿਲਾ ਪੜਾਅ ਵੀ ਪੂਰੀ ਤਰ੍ਹਾਂ ਨਾਲ ਮੁਕੰਮਲ ਕਰ ਲਿਆ ਜਾਵੇਗਾ।