ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੋ ਦਿਨ ਦੇ ਪੰਜਾਬ ਦੌਰੇ ’ਤੇ ਹਨ। ਉਨ੍ਹਾਂ ਵੱਲੋਂ ਕੱਲ੍ਹ ਬੀਤੇ ਦਿਨ ਮੋਗਾ ਵਿੱਚ ਔਰਤਾਂ ਲਈ 1 ਹਜ਼ਾਰ ਰੁਪਇਆ ਪ੍ਰਤੀ ਮਹੀਨਾ ਦੇਣ ਦੀ ਤੀਸਰੀ ਗਾਰੰਟੀ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਵੀ ਇਕ ਵਿਸ਼ਾਲ ਮੀਟਿੰਗ ਵਪਾਰੀਆਂ ਨਾਲ ਅਤੇ ਆਮ ਪਬਲਿਕ ਦੇ ਨਾਲ ਕੀਤੀ ਗਈ। ਇਸ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਬਾਰੇ ਵੀ ਗੱਲਬਾਤ ਕੀਤੀ। ਉੱਥੇ ਇਸ ਮਾਮਲੇ ’ਤੇ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਅਤੇ ਮਜੀਠਾ ਹਲਕੇ ਤੋਂ ਵਿਧਾਇਕ ਬਿਕਰਮ ਮਜੀਠੀਆ (Bikram Majithia) ਵੱਲੋਂ ਵੀ ਇੱਕ ਪ੍ਰੈੱਸ ਵਾਰਤਾ ਕੀਤੀ ਗਈ।
ਮਜੀਠੀਆ ਦੀ ਕੇਜਰੀਵਾਲ ਨੂੰ ਸਲਾਹ
ਇਸ ਮੌਕੇ ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧੇ ਗਏ। ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣ ਦੀ ਗੱਲ ਕਰ ਰਹੇ ਹਨ ਇਸ ਦੇ ਪੈਸੇ ਕਿਸ ਜਗ੍ਹਾ ਤੋਂ ਆਉਣਗੇ। ਮਜੀਠੀਆ ਨੇ ਕਿਹਾ ਕਿ ਉਹ ਪਹਿਲਾਂ ਜਿੰਨੀਆਂ ਗਾਰੰਟੀਆਂ ਪੰਜਾਬ ਵਿਚ ਦੇ ਰਹੇ ਹਨ ਉਹ ਦਿੱਲੀ ਵਿੱਚ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਸਿਰਫ ਚੋਣਾਂ ਦੇ ਵਿੱਚ ਲੋਕਾਂ ਨੂੰ ਭਰਮਾਉਣ ਦਾ ਇਕ ਸਟੰਟ ਨਜ਼ਰ ਆ ਰਿਹਾ ਹੈ।
'ਡੀਐਨਏ ਕਰਵਾਉਣ ਦੀ ਜ਼ਰੂਰਤ'
ਇੱਥੇ ਬੀਤੇ ਦਿਨ ਕੇਜਰੀਵਾਲ ਵੱਲੋਂ ਮੋਗਾ ਵਿੱਚ ਕਿਹਾ ਗਿਆ ਸੀ ਕਿ ਇਕ ਪੰਜਾਬ ਵਿਚ ਨਕਲੀ ਕੇਜਰੀਵਾਲ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਬੋਲਦੇ ਹੋਏ ਬਿਕਰਮ ਮਜੀਠੀਆ (Bikram Majithia) ਨੇ ਕਿਹਾ ਕਿ ਇਨ੍ਹਾਂ ਦੋਨਾਂ ਦੇ ਡੀ ਐਨ ਏ (DNA ) ਕਰਵਾਉਣ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਕਿ ਅਸਲੀ ਕੇਜਰੀਵਾਲ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੇਜਰੀਵਾਲ 26 ਵਿਧਾਇਕ ਅਤੇ 2 ਐਮ ਪੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ 40 ਵਿਧਾਇਕ ਜਿੰਨ੍ਹਾਂ ਵਿੱਚ 15 ਉਨ੍ਹਾਂ ਦੇ ਅਤੇ ਕਾਂਗਰਸ ਦੇ 25 ਵਿਧਾਇਕ ਬਣਦੇ ਹਨ ਕੇਜਰੀਵਾਲ ਉਨ੍ਹਾਂ ਨਾਲ ਮਿਲ ਕੇ ਆਪਣੀ ਦਾਅਵੇਦਾਰੀ ਠੋਕ ਸਕਦੇ ਹਨ।