ਅੰਮ੍ਰਿਤਸਰ: ਮਾਨਾਵਾਲਾ ਟੋਲ ਪਲਾਜ਼ਾ ਤੋਂ ਕੁੱਝ ਦੂਰੀ 'ਤੇ ਕੀਤੇ ਗਏ ਐਨਕਾਊਂਟਰ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਕਹਾਣੀ ਝੂਠੀ ਸਾਬਤ ਹੋਣ ਲੱਗੀ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਇੰਦਰਜੀਤ ਦਾ ਐਕਸੀਡੈਂਟ ਹੋਇਆ ਸੀ ਪਰ ਜਦੋਂ ਪੋਸਟ ਮਾਰਟਮ ਲਈ ਹਸਪਤਾਲ ਵਿਖੇ ਗਈ ਲਾਸ਼ ਨੂੰ ਜਾ ਕੇ ਵੇਖਿਆ ਤਾਂ ਮ੍ਰਿਤਕ ਨੂੰ 6 ਗੋਲੀਆਂ ਲੱਗੀਆਂ ਹੋਈਆਂ ਸਨ। ਉਸ ਦੀ ਕਮਰ, ਛਾਤੀ ਸਮੇਤ ਸਰੀਰ ਦੇ ਕਈ ਹਿੱਸਿਆਂ ਉੱਤੇ ਛੇ ਗੋਲੀਆਂ ਦੇ ਨਿਸ਼ਾਨ ਸਨ। ਪਰਿਵਾਰ ਨੇ ਪੁਲਿਸ ਟੀਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇੰਦਰਜੀਤ ਸਿੰਘ ਦੇ ਭਰਾ ਨਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਕੁੱਝ ਸਮਾਂ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ। ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਪਰਿਵਾਰ ਵਿੱਚ ਇੱਕ ਮਾਂ, ਇੰਦਰਜੀਤ ਸਿੰਘ, ਉਸ ਦੀ ਪਤਨੀ ਅਤੇ ਦੋ ਮਾਸੂਮ ਬੱਚੇ ਹਨ। ਤਾਲਾਬੰਦੀ ਖ਼ਤਮ ਹੋਣ ਦੇ ਬਾਵਜੂਦ ਇੰਦਰਜੀਤ ਸਿੰਘ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ। ਕੁੱਝ ਦਿਨ ਪਹਿਲਾਂ ਉਸ ਨੂੰ ਕਾਰ ਡਰਾਈਵਰ ਦੀ ਨੌਕਰੀ ਮਿਲੀ ਸੀ। ਉਸ ਦੇ ਮਾਲਿਕ ਨੇ ਯੂ.ਪੀ. ਵਿਆਹ ਵਿੱਚ ਜਾਣਾ ਸੀ। ਪਰ ਉਥੇ ਵਿਆਹ ਵਿੱਚ ਗੋਲੀਆਂ ਚੱਲਦਿਆਂ ਵੇਖ ਉਸਨੇ ਕਾਰ ਅਤੇ ਮਾਲਕ ਨੂੰ ਉਥੇ ਛੱਡ ਦਿੱਤਾ।
ਸੋਮਵਾਰ ਦੀ ਰਾਤ ਨੂੰ ਇੰਦਰਜੀਤ ਸਿੰਘ ਨੇ ਆਪਣੇ ਘਰ ਫੋਨ ਕਰ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਮਾਲਕ ਨੂੰ ਛੱਡ ਵਾਪਸ ਆਉਣ ਦੀ ਗੱਲ ਕਹੀ। ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਭਰਾ ਨਾਲ ਗੱਲਬਾਤ ਨਹੀਂ ਕਰ ਸਕਿਆ। ਬੁੱਧਵਾਰ ਸਵੇਰੇ ਹੁਸ਼ਿਆਰਪੁਰ ਪੁਲਿਸ ਨੇ ਉਨ੍ਹਾਂ ਨੂੰ ਉਸ ਦੇ ਭਰਾ ਦੀ ਮੌਤ ਦੀ ਜਾਣਕਾਰੀ ਦਿੱਤੀ। ਮਨਿੰਦਰ ਨੇ ਦੱਸਿਆ ਕਿ ਇੰਦਰਜੀਤ ਕਿਸੇ ਨਾਲ ਕੁੱਟਮਾਰ ਹੁੰਦੀ ਨਹੀਂ ਦੇਖ ਸਕਦਾ ਸੀ ਫਿਰ ਉਹ ਕਾਰ ਲੁੱਟਣ ਵਰਗਾ ਕੋਈ ਗੁਨਾਹ ਕਿਵੇਂ ਕਰ ਸਕਦਾ ਹੈ?