ਬਾਰ੍ਹਵੀਂ ਚੋਂ ਪਹਿਲੇ ਨੰਬਰ ਉੱਤੇ ਆਉਣ ਵਾਲੀ ਸੁਜਾਨ ਕੌਰ ਦਾ ਪੰਜਾਬ ਸਰਕਾਰ ਨੂੰ ਤੰਜ ਅੰਮ੍ਰਿਤਸਰ:ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਪਹੁੰਚਦੀ ਹੈ, ਉੱਥੇ ਹੀ, ਪੰਜਾਬ ਸਿੱਖਿਆ ਬੋਰਡ ਦੀ ਬਾਰਵੀਂ ਕਲਾਸ ਚੋਂ 100% ਨੰਬਰ ਲੈਣ ਵਾਲੇ ਸੁਜਾਨ ਕੌਰ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੀ। ਨਤਮਸਤਕ ਹੋ ਕੇ ਉਸ ਨੇ ਪਰਿਵਾਰ ਸਣੇ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਜਾਨ ਕੌਰ ਨੇ ਕਿਹਾ ਕਿ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੀ ਹੈ, ਕਿਉਂਕਿ ਉਨ੍ਹਾਂ ਦੀ ਮਿਹਰ ਸਦਕਾ ਹੀ ਉਹ ਬਾਰ੍ਹਵੀਂ ਕਲਾਸ ਚੋਂ ਪਹਿਲੇ ਨੰਬਰ ਉੱਤੇ ਆਈ ਹੈ।
ਹੋਰ ਪੜ੍ਹ ਲਿਖ ਕੇ ਪੰਜਾਬ ਦੀ ਸੇਵਾ ਕਰਾਂਗੀ: ਸੁਜਾਨ ਕੌਰ ਨੇ ਕਿਹਾ ਕਿ ਉਹ ਅੱਗੇ ਹੋਰ ਮਿਹਨਤ ਨਾਲ ਪੜ੍ਹ ਕੇ ਪੰਜਾਬ ਵਾਸੀਆਂ ਦੀ ਸੇਵਾ ਕਰੇਗੀ। ਉਸ ਨੇ ਕਿਹਾ ਕੇ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਵਿਦੇਸ਼ ਵਿੱਚ ਜਾਕੇ ਪੱਕੇ ਤੌਰ ਉੱਤੇ ਰਹਿਣ ਵਾਲੀ ਮਾੜੀ ਗੱਲ ਹੈ।
ਪੰਜਾਬ ਦੇ ਸਿਸਟਮ ਵਿੱਚ ਬਹੁਤ ਕਮੀਆਂ :ਅੱਗੇ ਬੋਲਦੇ ਸੁਜਾਨ ਨੇ ਕਿਹਾ ਕਿ ਸਾਡੇ ਪੰਜਾਬ ਦੇ ਸਿਸਟਮ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹਨ। ਸੁਜਾਨ ਨੇ ਪੰਜਾਬ ਸਰਕਾਰ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਜੇ ਕੋਈ ਪਤੰਗਬਾਜ਼ੀ ਵਿੱਚ ਪਹਿਲੇ ਨੰਬਰ ਉੱਤੇ ਆਉਂਦਾ ਹੈ, ਤਾਂ ਉਸ ਨੂੰ ਸਰਕਾਰ 5 ਲੱਖ ਰੁਪਇਆ ਦੇਣ ਦਾ ਇਹ ਐਲਾਨ ਕਰਦੇ ਹੋਏ ਟੂਰਨਾਮੈਂਟ ਕਰਵਾ ਰਹੀ ਹੈ, ਪਰ ਜੇਕਰ ਪੜਾਈ ਵਿੱਚੋਂ ਪਹਿਲੇ ਨੰਬਰ ਉੱਤੇ ਆਉਂਦਾ ਹੈ, ਤਾਂ ਉਸ ਨੂੰ ਸਿਰਫ 51 ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਹੀ ਹੈ। ਸੁਜਾਨ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਦਾ ਮਨੋਬਲ ਟੁੱਟਦਾ ਹੈ। ਇਸ ਦੇ ਨਾਲ ਹੀ, ਸੁਜਾਨ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਭਰੂਣ ਹੱਤਿਆ ਨਹੀਂ ਕਰਨੀ ਚਾਹੀਦੀ। ਲੜਕੀਆਂ ਨੂੰ ਵੀ ਲੜਕਿਆਂ ਵਾਂਗ ਖੁੱਲ੍ਹ ਕੇ ਉਡਾਰੀ ਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ।
ਉੱਥੇ ਹੀ, ਸੁਜਾਨ ਕੌਰ ਦੀ ਮਾਤਾ ਸਰਵਜੀਤ ਕੌਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਪਣੀ ਧੀ ਉੱਤੇ ਮਾਣ ਹੈ। ਧੀਆਂ ਨੂੰ ਪੁੱਤਾਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਹੈ। ਉਨ੍ਹਾਂ ਦੀਆਂ ਖੁਦ ਦੀਆਂ ਤਿੰਨ ਧੀਆਂ ਤੇ ਇਕ ਪੁੱਤਰ ਹੈ, ਪਰ ਚਾਰਾਂ ਨੂੰ ਬਰਾਬਰ ਦਾ ਪਿਆਰ ਤੇ ਮਾਣ ਦੇ ਕੇ ਬਿਨਾਂ ਕੋਈ ਫ਼ਰਕ ਕੀਤੇ ਪਾਲਿਆ ਹੈ। ਲੋਕਾਂ ਨੂੰ ਵੀ ਇਹੀ ਸੁਨੇਹਾ ਹੈ ਕਿ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਜ਼ਰੂਰ ਦਿਓ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਤੰਗਬਾਜ਼ੀ ਨੂੰ ਲੈ ਕੇ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਪਤੰਗਬਾਜ਼ੀ ਵਿੱਚ ਪਹਿਲੇ ਨੰਬਰ ਉੱਤੇ ਆਉਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਉਪਰ ਕਈ ਸਿਆਸੀ ਨੇਤਾਵਾਂ ਨੇ ਵੀ ਟਵੀਟ ਕਰਦੇ ਹੋਏ ਪੰਜਾਬ ਦੀ ਮਾਨ ਸਰਕਾਰ ਉੱਤੇ ਤੰਜ ਕੱਸੇ ਸਨ। ਹੁਣ ਇਕ ਵਾਰ ਫਿਰ, ਬਾਰ੍ਹਵੀ ਦੀ ਪ੍ਰੀਖਿਆ ਚੋਂ ਪਹਿਲੇ ਨੰਬਰ ਉੱਤੇ ਆਉਣ ਵਾਲੀ ਵਿਦਿਆਰਥਣ ਸੁਜਾਨ ਕੌਰ ਨੇ ਕਿਹਾ ਕਿ ਅਗਰ ਪੜ੍ਹਾਈ ਕਰਨ ਵਾਲਿਆਂ ਨੂੰ ਇੰਨਾਂ ਇਨਾਮ ਦਿੱਤਾ ਜਾਵੇਗਾ ਤਾਂ ਸ਼ਾਇਦ ਕੋਈ ਵਿਦੇਸ਼ ਜਾ ਕੇ ਪੜ੍ਹਾਈ ਨਹੀਂ ਕਰੇਗਾ।