ਤਰਨਤਾਰਨ: ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੇ ਤਿੰਨ ਜਿਲ੍ਹਿਆਂ ਵਿੱਚ ਹੋਈਆਂ 100 ਦੇ ਕਰੀਬ ਮੌਤਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਪੰਡੋਰੀ ਗੋਲਾ ਪਿੰਡ, ਭੁੱਲਰ, ਕਕਾ ਕੰਡਿਆਲਾ ਅਤੇ ਮੁੱਛਲ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਉਨ੍ਹਾਂ ਨੂੰ ਪੰਡੋਰੀ ਗੋਲਾ ਅਤੇ ਹੋਰ ਪਿੰਡਾਂ ਨਾਲ ਸਬੰਧਿਤ ਲੋਕਾਂ ਨੇ ਦਸਿਆ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ ਬਲਕਿ ਤਸਕਰਾਂ ਵੱਲੋਂ ਸਪਲਾਈ ਕੀਤੀ ਗਈ ਨਜਾਇਜ ਸ਼ਰਾਬ ਸੀ, ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ।
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਭਗਵੰਤ ਮਾਨ - ਤਰਨਤਾਰਨ
ਭਗਵੰਤ ਮਾਨ ਨੇ ਕਿਹਾ ਕਿ ਜੇ ਸਮੇਂ ਸਿਰ ਇਸ ਮਾਫ਼ੀਆ 'ਤੇ ਕਾਰਵਾਈ ਕੀਤੀ ਜਾਂਦੀ ਤਾਂ ਇਨ੍ਹਾਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ। ਮਾਨ ਨੇ ਕਿਹਾ ਕਿ ਇਹ ਸਰਕਾਰ ਸਿਟ ਸਰਕਾਰ ਬਣ ਕੇ ਰਹਿ ਗਈ ਹੈ ਕਿਉਂਕਿ ਹਰ ਘੋਟਾਲੇ ਜਾਂ ਘਟਨਾ ਹੋਣ ਉਪਰੰਤ ਸਿੱਧੀ ਕਾਰਵਾਈ ਕਰਨ ਦੀ ਬਜਾਏ ਸਿਟ ਬੈਠਾ ਦਿੱਤੀ ਜਾਂਦੀ ਹੈ ਜਿਸਦਾ ਬਾਅਦ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਹੈ।
ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਦੇ ਹਵਾਲੇ ਨਾਲ ਦੱਸਿਆ ਕਿ ਲੋਕ ਸ਼ਰੇਆਮ ਮੌਜੂਦਾ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਦੀ ਇਸ ਨਜਾਇਜ਼ ਕਾਰੋਬਾਰ ਵਿੱਚ ਸ਼ਮੂਲਿਅਤ ਦੀ ਗਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਪਿੰਡ ਪੰਡੋਰੀ ਗੋਲਾ ਵਿੱਚ ਅੱਠ ਤੋਂ ਦੱਸ ਲੋਕ ਨਜਾਇਜ਼ ਸ਼ਰਾਬ ਦੀ ਸਪਲਾਈ ਦਾ ਕੰਮ ਕਰਦੇ ਹਨ ਜਦਕਿ ਪੁਲਿਸ ਨੇ ਸਿਰਫ਼ ਇੱਕ ਹੀ ਬੰਦੇ ਖਿਲਾਫ਼ ਕਾਰਵਾਈ ਕੀਤੀ ਹੈ। ਲੋਕਾਂ ਦੇ ਦੱਸਣ ਮੁਤਾਬਕ ਮਾਨ ਨੇ ਕਿਹਾ ਕਿ ਹਲਾਤ ਅਜਿਹੇ ਬਣ ਗਏ ਹਨ ਕਿ ਕਾਂਗਰਸੀ ਲੀਡਰ ਪਿੰਡਾਂ ਵਿੱਚ ਵੜਨ ਤੋਂ ਗੁਰੇਜ ਕਰਨ ਲਗ ਪਏ ਹਨ। ਹਾਲੇ ਤਕ ਹਲਕਾ ਵਿਧਾਇਕ ਨੇ ਤਾਂ ਕਿ ਜਾਣਾ ਸੀ ਹੁਣ ਤੱਕ ਪਿੰਡ ਦੇ ਮੋਹਤਬਰ ਕਾਂਗਰਸੀ ਲੀਡਰ ਸਥਰਾਂ ਵਿੱਚ ਜਾਣ ਜੋਗੇ ਨਹੀਂ ਰਹੇ। ਪਿੰਡਾਂ ਵਾਲਿਆਂ ਨੇ ਮਾਨ ਨੂੰ ਦਸਿਆ ਕਿ ਪਹਿਲਾਂ ਅਕਾਲੀਆਂ ਨੇ ਚਿੱਟੇ ਨਾਲ ਪਿੰਡਾਂ ਦੇ ਨੌਜਵਾਨਾਂ ਦਾ ਬੇੜਾ ਗ਼ਰਕ ਕੀਤਾ ਅਤੇ ਹੁਣ ਕਾਂਗਰਸੀਆਂ ਦੀ ਮਿਲੀਭੁਗਤ ਨਾਲ ਤਸਕਰ ਨਜਾਇਜ਼ ਸ਼ਰਾਬ ਦੇ ਰੂਪ ਵਿੱਚ ਜਹਿਰ ਵੰਡ ਰਹੇ ਹਨ।
ਭਗਵੰਤ ਮਾਨ ਨੇ ਸਰਕਾਰ ਉਤੇ ਸਵਾਲੀਆਂ ਨਿਸ਼ਾਨ ਖੜੇ ਕਰਦੇ ਹੋਏ ਕਿਹਾ ਕਿ ਨਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦੀ ਮੁਰਦਾਘਰਾਂ ਵਿੱਚ ਹੋਈ ਬੇਅਦਬੀ ਲਈ ਕੌਣ ਜ਼ਿੰਮੇਵਾਰ ਹੈ। ਇਸ ਮੌਕੇ ਮਾਨ ਨੇ ਸਰਕਾਰ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਜਾਇਜ਼ ਸ਼ਰਾਬ ਦੇ ਧੰਦੇ ਦਾ ਐਨੀ ਵੱਡੀ ਪੱਧਰ 'ਤੇ ਵਿਸਥਾਰ ਹੋਣਾ ਸੰਭਵ ਨਹੀਂ ਹੈ।