ਦਰਿਆ ਦੇ ਪਾਣੀ ਸਬੰਧੀ ਜਾਣਕਾਰੀ ਦਿੰਦਾ ਗੇਜ਼ ਰੀਡਰ ਅੰਮ੍ਰਿਤਸਰ:ਪੰਜਾਬ ਵਿੱਚ ਵਹਿੰਦੇ ਦਰਿਆਵਾਂ ਦੇ ਪਾਣੀਆਂ ਦੀ ਬੀਤੇ ਦਿਨਾਂ ਦੌਰਾਨ ਖੌਫਨਾਕ ਤਸਵੀਰਾਂ ਨੂੰ ਤਕਰੀਬਨ ਹਰ ਇੱਕ ਸ਼ਖ਼ਸ ਨੇ ਦੇਖਿਆ ਹੋਵੇਗਾ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਕਈ ਹਿਸਿਆਂ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਲੋਕਾਂ ਦੀ ਜਿੰਦਗੀ ਮੁੜ ਦੁਬਾਰਾ ਪਟੜੀ 'ਤੇ ਆਉਂਦੀ ਦਿਖਾਈ ਦੇ ਰਹੀ ਹੈ ਪਰ ਜਾਣਕਾਰਾਂ ਅਨੁਸਾਰ ਖਤਰਾ ਹਾਲੇ ਟਲਿਆ ਨਹੀਂ ਹੈ। ਜਿਸ ਦੇ ਚੱਲਦੇ ਮੁੜ ਬਿਆਸ ਦਰਿਆ ਸੂਬੇ ਦੇ ਕਈ ਪਿੰਡਾਂ 'ਚ ਤਬਾਹੀ ਮਚਾ ਸਕਦਾ ਹੈ।
ਸੂਬੇ 'ਚ ਪਾਣੀ ਦੀ ਤਬਾਹੀ ਦਾ ਖ਼ਤਰਾ:ਇਹ ਕਹਿਣਾ ਹੈ ਦਿਨ ਰਾਤ ਬਿਆਸ ਦਰਿਆ ਦੇ ਪਾਣੀ ਦੀ ਪਲ ਪਲ ਦੀ ਜਾਣਕਾਰੀ ਸਮੂਹ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਦੇਣ ਵਾਲੇ ਦਰਿਆ ਬਿਆਸ ਕੰਢੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਦਾ, ਜਿਸ ਨੇ ਦੱਸਿਆ ਕਿ ਹਾਲੇ ਸੂਬੇ 'ਚ ਪਾਣੀ ਦੀ ਤਬਾਹੀ ਦਾ ਖ਼ਤਰਾ ਘੱਟ ਨਹੀਂ ਹੋਇਆ ਕਿਉਂਕਿ ਬੇਸ਼ੱਕ ਬਿਆਸ ਦਰਿਆ 'ਚ ਪਾਣੀ ਕੁਝ ਘੱਟ ਹੋਇਆ ਹੈ ਪਰ ਆਮ ਦਿਨਾਂ ਨਾਲੋਂ ਹਾਲੇ ਵੀ ਦਰਿਆ 'ਚ ਪਾਣੀ ਦਾ ਪੱਧਰ ਕਾਫ਼ੀ ਹੈ।
ਰੈੱਡ ਅਲਰਟ ਤੋਂ ਸਿਰਫ ਸਵਾ ਦੋ ਫੁੱਟ ਹੇਠਾਂ ਪਾਣੀ: ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਬਿਆਸ ਖੇਤਰ ਵਿੱਚ ਵਹਿੰਦੇ ਬਿਆਸ ਦਰਿਆ ਦਾ ਪਾਣੀ ਕਾਫੀ ਦਿਨਾਂ ਤੋਂ ਯੈਲੋ ਅਲਰਟ ਤੋਂ ਕਰੀਬ ਪੌਣੇ ਦੋ ਫੁੱਟ ਉੱਪਰ ਅਤੇ ਖਤਰੇ ਦੇ ਨਿਸ਼ਾਨ ਯਾਨੀ ਰੈੱਡ ਅਲਰਟ ਤੋਂ ਸਿਰਫ ਸਵਾ ਦੋ ਫੁੱਟ ਹੇਠਾਂ ਵਹਿ ਰਿਹਾ ਹੈ ਤੇ ਜੇਕਰ ਹਿਮਾਚਲ 'ਚ ਮੁੜ ਤੋਂ ਮੌਸਮ ਖ਼ਰਾਬ ਹੋ ਕੇ ਮੀਂਹ ਪੈਂਦਾ ਹੈ ਤਾਂ ਪਾਣੀ ਦਾ ਪੱਧਰ ਫਿਰ ਵੱਧ ਸਕਦਾ ਹੈ ਅਤੇ ਪੰਜਾਬ ਦੇ ਕਈ ਪਿੰਡਾਂ 'ਚ ਮੁੜ ਤੋਂ ਪਾਣੀ ਦੀ ਮਾਰ ਦੇਖਣ ਨੂੰ ਮਿਲ ਸਕਦੀ ਹੈ।
ਆਮ ਦਿਨਾਂ ਨਾਲੋਂ ਦਰਿਆ 'ਚ ਪਾਣੀ ਵੱਧ:ਗੇਜ਼ ਰੀਡਰ ਉਮੇਦ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਉਹ ਸਾਫ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦਰਮਿਆਨ ਦਰਿਆ ਵਿੱਚ ਪਾਣੀ ਘੱਟ ਹੋਵੇਗਾ ਜਾ ਵੱਧੇਗਾ ਪਰ ਜਿਸ ਤਰਾਂ ਬੀਤੇ ਦਿਨਾਂ ਤੋਂ ਬਿਆਸ ਦਰਿਆ ਦਾ ਪਾਣੀ ਇਕ ਲੱਖ 33 ਹਜਾਰ ਤੋਂ ਲੈਅ ਕੇ ਇਕ ਲੱਖ 39 ਹਜਾਰ ਕਿਊਸਿਕ ਦੇ ਵਿੱਚ ਵਹਿ ਰਿਹਾ ਹੈ। ਇਹ ਆਮ ਸਥਿਤੀ ਨਹੀਂ ਹੈ ਅਤੇ ਆਮ ਤੌਰ 'ਤੇ ਇੰਨ੍ਹਾਂ ਦਿਨਾਂ ਦੌਰਾਨ ਬਿਆਸ ਦਰਿਆ ਵਿੱਚ 50 ਤੋਂ 60 ਹਜਾਰ ਕਿਊਸਿਕ ਪਾਣੀ ਚੱਲਦਾ ਹੈ।
ਹਿਮਾਚਲ ਦਾ ਮੌਸਮ ਪੰਜਾਬ 'ਤੇ ਪੈਂਦਾ ਭਾਰੀ:ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਿਆਸ ਦਰਿਆ ਦੇ ਪਾਣੀ ਵਲੋਂ ਕਹਿਰ ਢਾਹਉਂਦੇ ਹੋਏ ਨਜ਼ਦੀਕੀ ਖੇਤਾਂ ਅਤੇ ਖੇਤਰਾਂ ਵਿੱਚ ਭਾਰੀ ਤਬਾਹੀ ਮਚਾਈ ਗਈ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀਆਂ ਬੱਦਲ ਫਟਣ ਦੀਆਂ ਘਟਨਾਵਾਂ ਅਤੇ ਲਗਾਤਾਰ ਪੈ ਰਹੇ ਮੀਂਹ ਵਿਚਕਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚਲੇ ਦਰਿਆ ਕਿਸ ਰੂਪ ਵਿੱਚ ਵਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।