ਅੰਮ੍ਰਿਤਸਰ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਬੀ. ਕੇ. ਯੂ. ਏਕਤਾ ਆਜ਼ਾਦ ਵੱਲਂੋ ਪੰਜਾਬ ਪੱਧਰ 'ਤੇ ਸਾਂਝੇ ਐਕਸ਼ਨ ਵਜੋਂ ਪਾਣੀਆਂ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਨਹਿਰੀ ਵਿਭਾਗ ਦੇ ਦਫ਼ਤਰਾਂ ਅੱਗੇ ਤਿੰਨ ਦਿਨਾਂ ਮੋਰਚਿਆਂ ਦੀ ਕਾਲ ਦੇ ਚਲਦੇ ਧਰਨੇ ਲਗਾਏ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ 'ਚ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਐੱਸ.ਈ. ਦਫਤਰ ਅੰਮ੍ਰਿਤਸਰ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ।
ਪਾਣੀਆਂ ਦੇ ਮਸਲੇ 'ਤੇ ਨਹਿਰੀ ਵਿਭਾਗ ਅੰਮ੍ਰਿਤਸਰ ਅੱਗੇ ਧਰਨਾ ਜਾਰੀ - Farmer leader Sarwan Singh Pandher
ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਵਾਹੀਯੋਗ ਜ਼ਮੀਨ ਲਈ ਨਹਿਰੀ ਪਾਣੀ, ਧਰਾਤਲੀ ਪਾਣੀ ਬਚਾਉਣ, ਜਲ ਪ੍ਰਦੂਸ਼ਣ ਰੋਕਣ ਸਮੇਤ ਵਿਸ਼ਵ ਬੈਕਾਂ ਦੀਆਂ ਹਦਾਇਤਾਂ ਉੱਤੇ ਲੱਗਣ ਵਾਲੇ ਨਹਿਰੀ ਪ੍ਰੋਜੈਕਟ ਲਾਉਣ ਦਾ ਕੰਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ: ਇਸ ਮੌਕੇ ਧਰਨਾਕਾਰੀਆਂ ਨਾਲ ਮੋਰਚੇ ਦੀਆਂ ਮੰਗਾਂ ਬਾਰੇ ਸਟੇਜ ਤੋਂ ਵਿਚਾਰਕ ਸਾਂਝ ਪਾਉਂਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ 100 ਫੀਸਦ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਿਸ ਨਾਲ ਖੇਤੀ ਵਰਤੋਂ ਲਈ ਧਰਤੀ ਹੇਠਂੋ ਪਾਣੀ ਕੱਢਣ ਦੀ ਲੋੜ ਵਿੱਚ ਭਾਰੀ ਕਮੀ ਆਵੇਗੀ । ਉਹਨਾ ਕਿਹਾ ਕਿ ਜਿਸ ਸਮੇਂ ਨਹਿਰੀ ਪਾਣੀ ਦੀ ਵਰਤੋਂ ਖੇਤੀ ਲਈ ਨਾ ਹੋ ਰਹੀ ਹੋਵੇ, ਉਸ ਸਮੇ ਲਈ ਬੋਰਵੈੱਲ ਬਣਾ ਕੇ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੀਵਂੇ ਹੋ ਰਹੇ ਜਮੀਨੀ ਪਾਣੀ ਦੀ ਮੁੜ ਭਰਪਾਈ ਕੀਤੀ ਜਾ ਸਕੇ । ਕਿਸਾਨ ਆਗੂ ਨੇ ਮੰਗ ਕੀਤੀ ਕਿ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਲਈ ਅੰਡਰ ਗ੍ਰਾਊਂਡ ਪਾਈਪ ਲਾਈਨਾਂ ਪਾਈਆਂ ਜਾਣ ਅਤੇ ਪੰਜਾਬ ਦੇ ਪਾਣੀਆਂ 'ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਾਲੇ ਵਿਸ਼ਵ ਬੈਕਾਂ ਦੀਆਂ ਹਦਾਇਤਾਂ ਉਤੇ ਲੱਗਣ ਵਾਲੇ ਨਹਿਰੀ ਪ੍ਰੋਜੈਕਟ ਲਾਉਣ ਦਾ ਕੰਮ ਬੰਦ ਕੀਤਾ ਜਾਵੇ ਅਤੇ ਪੀਣ ਲਈ ਸਾਫ ਪਾਣੀ ਪਹੁੰਚਣ ਦਾ ਕੰਮ ਜਲ ਸਪਲਾਈ ਮਹਿਕਮੇ ਨੂੰ ਦਿੱਤਾ ਜਾਵੇ।
ਐਮ.ਐਸ.ਪੀ. ਦੀ ਗਰੰਟੀ:ਇਸ ਮੌਕੇ ਆਗੂਆਂ ਨੇ ਕਿਹਾ ਪ੍ਰਾਈਵੇਟ ਵਪਾਰੀਆਂ ਦੀਆਂ ਫੈਕਟਰੀਆ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੈਮੀਕਲ ਯੁਕਤ ਪਾਣੀ ਧਰਤੀ ਹੇਠ ਅਤੇ ਦਰਿਆਵਾਂ ਵਿੱਚ ਪਾ ਕੇ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸਦੇ ਹੱਲ ਲਈ ਫੈਕਟਰੀ ਮਾਲਕਾਂ 'ਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਪਾਣੀ ਸੋਧ ਕੇ ਖੇਤੀ ਲਈ ਵਰਤਣ ਦਾ ਪ੍ਰਬੰਧ ਹੋਵੇ। ਇਸ ਦੌਰਾਨ ਸੂਬਾ ਆਗੂ ਨੇ ਕਿਹਾ ਕਿ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਬਦਲ ਵਜੋਂ ਮੱਕੀ, ਤੇਲ ਬੀਜ਼ਾਂ ਅਤੇ ਦਾਲਾ ਦੀ ਖਰੀਦ ਦੀ ਗਰੰਟੀ ਦਾ ਪ੍ਰਬੰਧ ਕੀਤਾ ਜਾਵੇ।