ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਖਦਸ਼ੇ ਨੂੰ ਲੈ ਕੇ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਕਾਲਜ ਵਿਖੇ ਰੀਵਿਊ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਕੋਰੋਨਾ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਕੋਰੋਨਾ ਟੈਸਟਾਂ ਦੀ ਸਮਰੱਥਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਇੱਕ ਦਿਨ ਵਿੱਚ 3,000 ਦੇ ਕਰੀਬ ਕੋਰੋਨਾ ਟੈਸਟ ਕੀਤੇ ਜਾਣ।
ਸੋਨੀ ਨੇ ਕਿਹਾ ਕਿ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਦੀ ਸਹਾਇਤਾ ਨਾਲ ਆਮ ਲੋਕਾਂ ਨੂੰ 20,000 ਦੇ ਕਰੀਬ ਮੁਫ਼ਤ ਮਾਸਕਾਂ ਦੀ ਵੰਡ ਕੀਤੀ ਜਾਵੇਗੀ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਸੋਨੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸੀਨੀਅਰ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਰਡਾਂ ਵਿੱਚ ਜਾ ਕੇ ਖੁਦ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਤਾਂ ਜੋ ਮੌਤ ਦਰ ਵਿੱਚ ਕਮੀ ਆ ਸਕੇ।