ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਸਮੀਖਿਆ ਕਮੇਟੀ ਪੰਜਾਬ ਭਰ ਵਿੱਚ ਜਾ ਕੇ ਹੋਈਆਂ ਕਮਜ਼ੋਰੀਆਂ ਨੂੰ ਲੱਭੇਗੀ ਅਤੇ ਹੋਈਆਂ ਗਲਤੀਆਂ ਦਾ ਸੁਧਾਰ ਕਰਨ ਲਈ ਤਤਪਰ ਹੋਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੱਤਾ ਦਿੱਤੀ ਸੀ ਪ੍ਰੰਤੂ ਕੇਜਰੀਵਾਲ ਦੇ ਰਾਜ ਸਭਾ ਮੈਂਬਰਾਂ ਬਾਰੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਰੋਧੀ ਫੈਸਲੇ ਲੈ ਰਹੇ ਹਨ।
ਚੰਦੂਮਾਜਰਾ ਨੇ ਕਿਹਾ ਕਿ ਰਾਜ ਸਭਾ ਅੰਦਰ ਆਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਮਿਲਣ ਕਰਕੇ ਪੰਜਾਬ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਬਾਕੀ ਸੂਬਿਆਂ ਵਿੱਚ ਦੋ-ਦੋ ਸਾਲਾਂ ਦੇ ਵਕਫੇ ਨਾਲ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ ਪ੍ਰੰਤੂ ਪੰਜਾਬ ਵਿਚ ਲੰਮਾ ਸਮਾਂ ਗਵਰਨਰੀ ਰਾਜ ਰਹਿਣ ਕਰਕੇ ਇੱਥੋਂ ਸਾਰੇ ਮੈਂਬਰ ਇੱਕੋ ਵਾਰ ਭੇਜਣ ਕਰਕੇ ਵੀ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਨਵੀਂ ਪ੍ਰਥਾ ਪਾ ਕੇ ਕੇਜਰੀਵਾਲ ਨੇ ਇਹ ਗੱਲ ਸੱਚ ਕਰ ਦਿੱਤੀ ਹੈ ਕਿ ਪੰਜਾਬ ਦੀ ਸਰਕਾਰ ਦਾ ਰਿਮੋਟ ਹੁਣ ਦਿੱਲੀ ਹੱਥ ਹੋਵੇਗਾ।