ਪੰਜਾਬ ਪੁਲਿਸ ਦੇ ਮੁਲਾਜ਼ਮ ਬਣੇ ਠੱਗ, ਭਰਤੀ ਕਰਵਾਉਣ ਲਈ ਨੌਜਵਾਨ ਤੋਂ ਠੱਗੇ 12 ਲੱਖ ਰੁਪਏ ਅੰਮ੍ਰਿਤਸਰ: ਵਰਦੀ ਇਕ ਵਾਰ ਫਿਰ ਦਾਗਦਾਰ ਹੋਈ ਹੈ। ਪੁਲਿਸ ਦੇ ਮੁਲਾਜ਼ਮ ਨੇ ਪੁਲਿਸ ਲਾਈਨ ਵਿੱਚ ਬੈਠ ਕੇ ਇਕ ਨੌਜਵਾਨ ਤੋਂ ਲੱਖਾਂ ਰੁਪਏ ਠੱਗ ਲਏ ਹਨ। ਜਾਣਕਾਰੀ ਮੁਤਾਬਿਕ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਕਰਵਾਉਣ ਨੂੰ ਲੈਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ 12 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਮੈਰਿਟ ਲਿਸਟ ਵਿੱਚੋਂ ਨਾਂ ਕੱਢਣ ਦੀ ਧਮਕੀ:ਪੀੜਤ ਨੌਜਵਾਨ ਸਾਹਿਲ ਪਠਾਨਕੋਟ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਉਹ ਪਿੱਛਲੇ ਸਾਲ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਨੂੰ ਲੈਕੇ ਅੰਮ੍ਰਿਤਸਰ ਵਿਚ ਪੇਪਰ ਦੇਣ ਲਈ ਆਇਆ ਸੀ। ਜਦੋਂ ਪੇਪਰ ਦੇ ਕੇ ਵਾਪਸ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਵਿੱਚ ਬੱਸ ਸਟੈਂਡ ਉੱਤੇ ਇੱਕ ਹਰਪ੍ਰੀਤ ਨਾਂ ਦੀ ਲੜਕੀ ਮਿਲੀ ਤੇ ਉਸਨੇ ਕਿਹਾ ਕਿ ਉਹ ਬੇਰੁਜ਼ਗਾਰ ਲੜਕੇ-ਲੜਕੀਆਂ ਦਾ ਸਰਵੇ ਕਰ ਰਹੇ ਹਨ। ਜਿਹੜੇ ਅੱਜ ਪੁਲਿਸ ਦੇ ਪੇਪਰ ਦੇਣ ਲਈ ਆਏ ਹਨ, ਉਨ੍ਹਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਵਲੋਂ ਫੋਨ ਨੰਬਰ ਨੋਟ ਕਰ ਲਿਆ ਗਿਆ। ਕੁੱਝ ਮਹੀਨੇ ਬਾਦ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਹ ਪੁਲਿਸ ਲਾਈਨ ਤੋਂ ਬੋਲ ਰਹੇ ਹਨ ਤੇ ਭਰਤੀ ਸੈੱਲ ਵਿੱਚ ਡਿਊਟੀ ਲੱਗੀ ਹੋਈ ਹੈ। ਜਦੋਂ ਉਹ ਦੱਸੇ ਪਤੇ ਅਨੁਸਾਰ ਆਪਣੇ ਪਰਿਵਾਰ ਨਾਲ ਪਹੁਚਿਆਂ ਤਾਂ ਉੱਥੇ ਕਾਂਸਟੇਬਲ ਗੁਰਪ੍ਰੀਤ ਨੇ ਕਿਹਾ ਕਿ ਜਾਂ ਤਾਂ 12 ਲੱਖ ਰੁਪਏ ਦੇ ਦਿਓ ਨਹੀਂ ਤਾਂ ਜੋ ਮੈਰਿਟ ਲਿਸਟ ਬਣੀ ਹੈ ਉਸ ਵਿੱਚੋਂ ਉਸਦਾ ਨਾਂ ਕੱਢ ਦਿੱਤਾ ਜਾਵੇਗਾ। ਇਸੇ ਡਰ ਤੋਂ ਉਨ੍ਹਾਂ ਨੇ ਪੁਲਿਸ ਲਾਈਨ ਵਿੱਚ ਹੀ ਪੈਸੇ ਦੇ ਦਿੱਤੇ।
ਇਹ ਵੀ ਪੜ੍ਹੋ:Coronavirus Update: ਭਾਰਤ ਵਿੱਚ ਕੋਰੋਨਾ ਦੇ 132 ਨਵੇਂ ਮਾਮਲੇ, 1 ਮੌਤ, ਜਦਕਿ ਪੰਜਾਬ 'ਚ 03 ਨਵੇਂ ਮਾਮਲੇ ਦਰਜ
ਹੈਰਾਨੀਜਨਕ ਗੱਲ ਹੈ ਕਿ ਇਹ ਠੱਗੀ ਪੁਲੀਸ ਲਾਈਨ ਵਿੱਚ ਹੀ ਵੱਜ ਰਹੀ ਹੈ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਦੇ ਹੱਥੇ ਹੋਰ ਵੀ ਨੌਜਵਾਨ ਚੜ੍ਹੇ ਹੋਣਗੇ। ਇਹੋ ਜਿਹੇ ਕਈ ਕੇਸ ਹੋਣਗੇ, ਜਿਨ੍ਹਾਂ ਪਾਸੋਂ ਪੁਲਿਸ ਦੇ ਮੁਲਾਜ਼ਮਾਂ ਨੇ ਹੀ ਠੱਗੀ ਮਾਰੀ ਹੈ। ਦੂਜੇ ਪਾਸੇ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨਾਲ ਠੱਗੀਆਂ ਵੱਜਣ ਤੋਂ ਰੋਕੀਆਂ ਜਾ ਸਕਣ। ਇਸ ਮੌਕੇ ਆਰਥਿਕ ਅਪਰਾਧ ਵਿੰਗ ਦੇ ਅਧਿਕਾਰੀ ਹਰਕੀਰਤ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ। ਇੱਕ ਪੁਲਿਸ ਮੁਲਾਜ਼ਮ ਵੱਲੋ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ਤੇ ਠੱਗੀ ਮਾਰੀ ਗਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਹ ਸਹੀ ਪਾਇਆ ਗਿਆ ਤਾਂ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।