ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲੋਪੋਕੇ ਦੇ ਪਿੰਡ ਬੋਪਾਰਾਏ ਖੁਰਦ ਵਿਖੇ ਛਾਪੇਮਾਰੀ ਦੌਰਾਨ ਇੱਕ ਹੋਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਰਵਣ ਸਿੰਘ, ਅੰਗਰੇਜ਼ ਸਿੰਘ, ਸੰਜੇ, ਅਵਤਾਰ ਸਿੰਘ ਅਤੇ ਰੇਸ਼ਮ ਸਿੰਘ ਸਾਰੇ ਵਾਸੀ ਪਿੰਡ ਬੋਪਾਰਾਏ ਖੁਰਦ ,ਲੋਪੋਕੇ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ 1,18,400 ਕਿੱਲੋ ਲਾਹਣ, 390 ਲੀਟਰ ਨਾਜਾਇਜ਼ ਸ਼ਰਾਬ, ਅੱਠ ਸ਼ਰਾਬ ਦੀ ਚਾਲੂ ਭੱਠੀਆਂ,94 ਡਰੰਮ (ਹਰੇਕ 50 ਲੀਟਰ ਦਾ), ਚਾਰ ਗੈਸ ਸਿਲੰਡਰ ਅਤੇ 20 ਤਰਪਾਲਾਂ ਵੀ ਕਬਜ਼ੇ ਵਿੱਚ ਲਈਆਂ ਹਨ। ਜਿ਼ਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ- ਕਾਨੂੰਨੀ ਸ਼ਰਾਬ ਨਿਰਮਾਣ ਯੂਨਿਟ ਵਿਰੁੱਧ ਕੀਤੀ ਇਹ 7 ਵੀਂ ਕਾਰਵਾਈ ਹੈ। ਜਿਸ ਦੇ ਸਿੱਟੇ ਵਜੋਂ 38 ਦੇ ਕਰੀਬ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 1 ਮਾਰਚ ਤੋਂ ਚਲਾਏ ਇਨ੍ਹਾਂ ਸੱਤ ਅਪ੍ਰੇਸ਼ਨਾਂ ਤਹਿਤ 7,54,100 ਕਿੱਲੋ ਲਾਹਣ, 4061.25 ਲੀਟਰ ਨਾਜਾਇਜ਼ ਸ਼ਰਾਬ, 57 ਸ਼ਰਾਬ ਦੀਆ ਚਾਲੂ ਭੱਠੀਆਂ, 1830 ਕਿਲੋ ਗੁੜ, 297 ਡਰੰਮ, 78 ਤਰਪਾਲਾਂ, 43 ਗੈਸ ਸਿਲੰਡਰ, ਚਾਰ ਪਾਣੀ ਦੀਆਂ ਟੈਂਕੀਆਂ, 62 ਕੈਨਜ਼ ਅਤੇ ਛੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲਿਸ (ਦਿਹਾਤੀ) ਦੀਆਂ ਸਾਂਝੀਆਂ ਪੁਲਿਸ ਟੀਮਾਂ ਨੇ ਖੁਫੀਆ ਜਾਣਕਾਰੀ ਅਤੇ ਸੁਚੱਜੀ ਰੇਕੀ ਦੇ ਅਧਾਰ ‘ਤੇ ਸ਼ੱਕੀ ਥਾਵਾਂ ‘ਤੇ ਛੇ ਘੰਟੇ ਲੰਬੀ ਕਾਰਵਾਈ ਕੀਤੀ। ਜਿਸ ਕਾਰਨ ਵੱਡੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਯੂਨਿਟ ਸਬੰਧੀ ਤੱਥ ਸਾਹਮਣੇ ਆਏ ਹਨ। ਪੁਲਿਸ ਦੀਆਂ ਟੀਮਾਂ ਦੀ ਅਗਵਾਈ ਏ.ਐਸ.ਪੀ ਮਜੀਠਾ ਅਭਿਮਨਿਯੂ ਰਾਣਾ, ਡੀ.ਐਸ.ਪੀ. ਡਿਟੈਕਟਿਵ ਗੁਰਿੰਦਰ ਨਾਗਰਾ, ਡੀਐਸਪੀ ਸਪੈਸ਼ਲ ਬ੍ਰਾਂਚ ਸੁਖਰਾਜ ਸਿੰਘ ਅਤੇ ਡੀ.ਐਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਕੀਤੀ। ਐਸ.ਐਸ.ਪੀ ਦਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ ਨਾਜਾਇਜ਼ ਸ਼ਰਾਬ ਦੀਆਂ ਨਾਜਾਇਜ਼ ਯੂਨਿਟਾਂ ਦੇ ਉਤਪਾਦਨ ਅਤੇ ਸਪਲਾਈ ਚੇਨ ਦੀ ਭੂਗੋਲਿਕ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਹੈ।