ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਵੀਰਵਾਰ ਰਾਤ ਇਕ ਪੌਸ਼ ਇਲਾਕੇ 'ਚ ਹੁੱਕਾ ਬਾਰ ਉੱਤੇ ਛਾਪੇਮਾਰੀ ਕੀਤੀ ਹੈ। ਜਦੋਂ ਪੁਲਿਸ ਰੈਸਟੋਰੈਂਟ European Knights Cafe 'ਚ ਪਹੁੰਚੀ ਤਾਂ ਉਥੇ ਕਈ ਨਾਬਾਲਗ ਅਤੇ ਬਾਲਗ ਹੁੱਕਾ ਪੀ ਰਹੇ ਸਨ। ਪੁਲਿਸ ਨੇ ਰੈਸਟੋਰੈਂਟ ਨੂੰ ਬੰਦ ਕਰਵਾ ਕੇ ਉਸ ਦੇ ਮਾਲਕ ਸਮੇਤ ਮੈਨੇਜਰ ਤੇ ਮੁਲਾਜ਼ਮ ਖ਼ਿਲਾਫ਼ (Amritsar hookah party raid news) ਕੇਸ ਦਰਜ ਕਰ ਲਿਆ ਹੈ।
ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵੀਰਵਾਰ ਰਾਤ ਨੂੰ ਰਣਜੀਤ ਐਵੀਨਿਊ ਬੀ-ਬਲਾਕ ਸਥਿਤ ਯੂਰਪੀਅਨ ਨਾਈਟਸ ਰੈਸਟੋਰੈਂਟ ਵਿੱਚ ਹੁੱਕਾ ਬਾਰ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਬਣਾ ਕੇ ਰੈਸਟੋਰੈਂਟ ਪਹੁੰਚੀ। ਉੱਥੇ ਦੋ ਦਰਜਨ ਤੋਂ ਵੱਧ ਬਾਲਗ ਅਤੇ ਨਾਬਾਲਗ ਨੌਜਵਾਨ ਹੁੱਕਾ ਪੀ ਰਹੇ ਸਨ। ਪੁਲਿਸ ਨੇ ਉੱਥੇ ਪਹੁੰਚ ਕੇ ਰੈਸਟੋਰੈਂਟ ਨੂੰ ਖਾਲੀ ਕਰਵਾਇਆ ਅਤੇ ਸਾਰੇ ਹੁੱਕੇ ਜ਼ਬਤ ਕਰ ਲਏ ਗਏ।