ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਨੂੰ ਅੱਜ ਇਕ ਸਾਲ ਬੀਤ ਗਿਆ, ਪਰ ਅੱਜ ਤੱਕ ਸਰਕਾਰ ਵਲੋਂ ਕੀਤੇ ਵਾਅਦੇ ਵਫਾ ਨਹੀਂ ਹੋਏ ਜਿਸ ਤੋਂ ਨਾਰਾਜ਼ ਪੀੜਤ ਪਰਿਵਾਰਾਂ ਨੇ ਅੱਜ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਨੂੰ ਪੁਲਿਸ ਵਲੋਂ ਰੇਲ ਟਰੈਕ ਉੱਤੇ ਧਰਨਾ ਦੇਣ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਇਸ ਤੋਂ ਨਾਰਾਜ਼ ਹੋਏ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਸਰਕਾਰ ਤੇ ਸਿੱਧੂ ਜੋੜੇ ਵਿਰੁੱਧ ਨਾਅਰੇਬਾਜ਼ੀ ਕੀਤੀ।
ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ 60 ਦੇ ਕਰੀਬ ਲੋਕਾਂ ਦੀ ਮੌਤ ਉਸ ਵੇਲੇ ਹੋ ਗਈ ਜਦ ਉਹ ਦੁਸਹਿਰੇ ਦਾ ਪ੍ਰੋਗਰਾਮ ਵੇਖ ਰਹੇ ਸਨ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਉਸ ਵੇਲੇ ਸਰਕਾਰ ਨੇ 5-5 ਲੱਖ ਰੁਪਏ ਦਾ ਮੁਆਵਜ਼ਾ ਅਤੇ ਨਾਲ ਹੀ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ ਸੀ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੀੜਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਤੇ ਨਾ ਹੀ ਮੁਆਵਜ਼ਾ। ਹੁਣ ਇਹ ਪੀੜਤ ਪਰਿਵਾਰ ਸਰਕਾਰ ਦੇ ਵਿਰੁੱਧ ਸੜਕਾਂ ਉੱਤੇ ਉੱਤਰ ਆਏ ਹਨ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।