ਅੰਮ੍ਰਿਤਸਰ:ਅੱਜ ਵਿਸਾਖੀ ਦੇ ਮੌਕੇ ਉੱਤੇ ਅਮ੍ਰਿਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਗ੍ਹਾ-ਜਗ੍ਹਾ ਉੱਤੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਚੱਪੇ ਚੱਪੇ ਉੱਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਦੇ ਆਲਾ ਅਧਿਕਾਰੀ ਨਾਕਿਆਂ ਉੱਤੇ ਖੜ੍ਹੇ ਹੋਏ ਹਨ। ਸ਼ਹਿਰ ਵਿੱਚ ਹਰ ਆਉਣ-ਜਾਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਚੈਕ ਕੀਤਾ ਜਾ ਰਿਹਾ ਹੈ। ਉੱਤਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਸੁਰੱਖਿਆ ਬਲਾਂ ਉੱਤੇ ਨਿਗਰਾਨੀ ਰੱਖੇ ਹੋਏ ਹਨ।
ਅੰਮ੍ਰਿਤਪਾਲ ਦੇ ਸਰੰਡਰ ਬਾਰੇ ਨਹੀਂ ਪੁਖਤਾ ਜਾਣਕਾਰੀ:ਇਸ ਮੌਕੇ ਪੁਲਿਸ ਕਮਿਸ਼ਨਰ ਨੇ ਨੌਨਿਹਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵਿਸਾਖੀ ਦੇ ਮੌਕੇ ਉੱਤੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਉੱਤੇ ਅੰਮ੍ਰਿਤਸਰ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗਾ। ਪੁਲਿਸ ਕਮਿਸ਼ਨਰ ਨੇ ਅੰਮ੍ਰਿਤਪਾਲ ਸਿੰਘ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕੀ ਅੰਮ੍ਰਿਤਪਾਲ ਸਿੰਘ ਅਕਾਲ ਤਖਤ ਸਾਹਿਬ ਉੱਤੇ ਆਪਣੀ ਗ੍ਰਿਫ਼ਤਾਰੀ ਦੇਣ ਲਈ ਆਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬ ਦੇ ਡੀਜੀਪੀ ਵੀ ਕਹਿ ਚੁੱਕੇ ਹਨ ਕਿ ਜੋ ਕਾਨੂੰਨ ਨੂੰ ਵਾਂਟੇਡ ਹੈ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਆਪਣੇ-ਆਪ ਨੂੰ ਸਰੈਂਡਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਜੋ ਜ਼ਾਬਤਾ ਹੈ ਉਸ ਮੁਤਾਬਿਕ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਕੀਤੀ ਜਾਵੇਗੀ।