ਅੰਮ੍ਰਿਤਸਰ:ਸੂਬੇ ਵਿੱਚ ਚੋਰ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿਖੇ ਪਿਛਲੇ ਦਿਨ੍ਹਾਂ ਵਿੱਚ ਲੱਖਾਂ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸਦੇ ਨਾਲ ਹੀ ਚੋਰੀ ਕੀਤਾ ਸਮਾਨ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਚੋਰ ਵੱਲੋਂ ਘਰ ਵਿੱਚ ਕਿਸੇ ਵੀ ਪਰਿਵਾਰਿਕ ਮੈਂਬਰ ਦੇ ਨਾ ਹੋਣ ਦੇ ਚੱਲਦੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਘਰ ਵਿੱਚੋਂ ਸੋਨਾ ਅਤੇ ਨਗਦੀ ਲੈਕੇ ਫਰਾਰ ਹੋ ਗਿਆ ਸੀ ਜੋ ਕਿ ਕੁੱਲ 25 ਲੱਖ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਮਿਤੀ 12.04.2022 ਨੂੰ ਅਣਪਛਾਤੇ ਵਿਅਕਤੀ ਵੱਲੋਂ ਕੋਠੀ ਨੰਬਰ 43 ਡੀ, ਆਰ.ਬੀ ਪ੍ਰਕਾਸ਼ ਚੰਦ ਰੋਡ, ਨਜ਼ਦੀਕ ਕਿਊਟ ਸਲੂਨ, ਅੰਮ੍ਰਿਤਸਰ ਵਿੱਚ ਦਾਖਲ ਹੋ ਕੇ ਗੋਲਡ ਅਤੇ ਡਾਇਮੰਡ ਦੀ ਜਿਊਲਰੀ ਜਿਸ ਦੀ ਕੀਮਤ ਕਰੀਬ 25 ਲੱਖ ਰੁਪਏ ਅਤੇ 25,000 ਰੁਪਏ ਨਗਦ ਨੂੰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜੋ ਕਿ ਪੁਲਿਸ ਅਧਿਕਾਰੀਆਂ ਵੱਲੋਂ ਬਣਾਈ ਗਈ ਟੀਮ ਨੇ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਸਹਾਇਤਾ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਸ ਕੇਸ ਨੂੰ ਟਰੇਸ ਕੀਤਾ।
ਇਸ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਸੰਜੇ ਕੁਮਾਰ ਉਰਫ ਸੰਜੇ ਪੁੱਤਰ ਸੁਨੀਲ ਕੁਮਾਰ ਵਾਸੀ ਗਲੀ ਨੰਬਰ 5, ਝੁੱਗੀਆਂ ਰਾਮ ਨਗਰ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਬਾਅਦ ਪੁੱਛਗਿੱਛ ਕੀਤੀ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚੋਰੀ ਹੋਏ ਸਮਾਨ ਵਿੱਚੋਂ ਇੱਕ ਜੜਾਊ ਸੈਟ ਗੋਲਡ ਬਲਿਊ ਗਰੀਨ, ਇੱਕ ਕੜਾ ਗੋਲਡ ਲੇਡੀਜ਼, ਇੱਕ ਮੁੰਦਰੀ ਸੋਨਾ, ਮੰਗਲ ਸੂਤਰ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਮੁਲਜ਼ਮ ਸੰਜੇ ਕੁਮਾਰ ਉਰਫ ਸੰਜੇ ਨਸ਼ੇ ਕਰਨ ਦਾ ਆਦੀ ਹੋਣ ਕਰਕੇ ਬੰਦ ਕੋਠੀਆਂ ਵਿੱਚ ਦਾਖਲ ਹੋ ਕੇ ਅਜਿਹੀਆਂ ਚੋਰੀਆਂ ਕਰਦਾ ਸੀ।