ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀਆਂ ਹਦਾਇਤਾਂ ਅਨੁਸਾਰ ਬਾਲ ਦਿਵਸ ਮੌਕੇ ਸਥਾਨਿਕ ਬੱਸ ਸਟੈਂਡ ਵਿਖੇ ਚਲਾਨ ਮੁਕਤ ਦਿਵਸ ਮਨਾਉਂਦਿਆਂ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.ਐਸ.ਪੀ ਰਵਿੰਦਰ ਸਿੰਘ ਨੇ ਹਾਜ਼ਰ ਵਹੀਕਲ ਚਾਲਕਾਂ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ (Traffic Rules) ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡੀ.ਐਸ.ਪੀ ਨੇ ਕਿਹਾ ਕਿ ਵਾਹਨ ਚਲਾਉਣ ਵਾਲੇ ਹਰ ਵਿਅਕਤੀ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਹਰ ਇੱਕ ਇੰਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੇ ਤਾਂ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਨਹੀਂ ਚਲਾਉਣਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਡਰਾਇਵਿੰਗ ਲਾਇਸੈਂਸ ਬਣਨ ਉਪਰੰਤ ਹੀ ਡਰਾਇਵਰੀ ਸਿੱਖ ਕੇ ਵਾਹਨ ਚਲਾਉਣ ਚਾਹੀਦਾ ਹੈ।
ਡੀ.ਐਸ.ਪੀ ਰਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੜਕ ’ਤੇ ਵਾਹਨ ਚਲਾਉਂਦੇ ਸਮੇਂ ਵਾਹਨ ਦੀ ਸਪੀਡ ਆਪਣੇ ਕੰਟਰੋਲ ਵਿਚ ਰੱਖਣੀ ਚਾਹੀਦੀ ਹੈ ਅਤੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅੱਗੇ ਅਤੇ ਪਿੱਛੇ ਚੰਗੀ ਤਰ੍ਹਾਂ ਦੇਖ ਕੇ ਓਵਰਟੇਕ ਕਰਨਾ ਚਾਹੀਦਾ ਹੈ।