ਅੰਮ੍ਰਿਤਸਰ: ਮਾਈਨਿੰਗ ਮਾਫੀਆ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਧੀਨ ਪੈਂਦੇ ਦਰਿਆਵਾਂ 'ਤੇ ਸਰਗਰਮ ਹੈ। ਜਿਸ ਨੂੰ ਲੈਕੇ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਅਕਸਰ ਸਵਾਲ ਖੜੇ ਹੁੰਦੇ ਆਏ ਹਨ।ਜਿਕਰਯੋਗ ਹੈ ਕਿ ਬੀਤੇ ਦਿਨ੍ਹੀ ਈਟੀਵੀ ਭਾਰਤ ਵਲੋਂ ਦਰਿਆ ਬਿਆਸ ਵਿੱਚ ਵੱਡੀ ਪੱਧਰ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਪ੍ਰਮੁੱਖਤਾ ਨਾਲ ਖ਼ਬਰ ਨਸ਼ਰ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵਲੋਂ ਖੁਦ ਨਿਗਰਾਨੀ ਕਰ ਦਰਿਆ ਬਿਆਸ ਨਾਲ ਸਬੰਧਿਤ ਇਲਾਕਿਆਂ ਵਿੱਚ ਛਾਪੇਮਾਰੀ ਕਰ ਰੇਤ ਸਣੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਨੂੰ ਲੈਕੇ ਮੌਜੂਦਾ ਸਮੇਂ 'ਚ ਪ੍ਰਸ਼ਾਸਨ ਦੀ ਅੱਖ ਖੁੱਲ੍ਹਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਮਾਈਨਿੰਗ ਮਾਫੀਆ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ ਦੌਰਾਨ ਭਾਰੀ ਸਫਲਤਾ ਹਾਸਿਲ ਕੀਤੀ ਗਈ ਹੈ। ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੇ ਐਸ.ਐਚ.ਓ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਹੋਣ ਸਬੰਧੀ ਸੂਚਨਾ ਮਿਲੀ ਸੀ, ਜਿਸ 'ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਨ੍ਹਾਂ ਵਲੋਂ ਇੱਕ ਟੀਮ ਤਿਆਰ ਕਰ ਮੋੜ ਗੁਰੂਦੁਆਰਾ ਮੋਰਚਾ ਸਾਹਿਬ ਰਾਜਾਸਾਂਸੀ ਵਿਖੇ ਨਾਕਾਬੰਦੀ ਕੀਤੀ ਗਈ।