ਅੰਮ੍ਰਿਤਸਰ: ਸੂਬੇ ਦੀਆਂ ਸਰਹੱਦਾਂ ਨਾਲ ਲੱਗਦੇ ਗੁਆਂਢੀ ਮੁਲਕ ਪਾਕਿਸਤਾਨ 'ਚ ਬੈਠੇ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ 'ਚ ਨਸ਼ਾ, ਹਥਿਆਰ ਜਾਂ ਡਰੋਨ ਰਾਹੀ ਗਲਤ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀਆਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਜਿੰਨ੍ਹਾਂ ਨੂੰ ਬੀਐਸਐਫ ਅਤੇ ਪੁਲਿਸ ਵਲੋਂ ਹਰ ਵਾਰ ਨਾਕਾਮ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਰਣੀਆ ਤੋਂ ਸਾਹਮਣੇ ਆਇਆ ਹੈ। ਜਿਥੇ ਬੀਐਸਐਫ ਅਤੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਪਾਕਿਸਤਾਨ ਡਰੋਨ ਰਾਹੀ ਸੁੱਟੀ ਗਈ ਹੈਰੋਇਨ ਬਰਾਮਦ: ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੀ ਪੁਲਿਸ ਅਤੇ ਬੀ.ਐਸ.ਐਫ. ਵਲੋਂ ਪਾਕਿਸਤਾਨ ਡਰੋਨ ਰਾਹੀ ਸੁੱਟੇ ਗਏ ਕਰੋੜਾਂ ਰੁਪਏ ਦੀ ਕੀਮਤ ਦੇ ਦੋ ਹੈਰੋਇਨ ਦੇ ਪੈਕੇਟ ਬਰਾਮਦ ਕੀਤੇ ਗਏ ਹਨ। ਜਿਸ 'ਚ ਦੋਵਾਂ ਪੈਕੇਟਾਂ ਦਾ ਭਾਰ ਇੱਕ ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤਾ ਕਰੋੜਾਂ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਬੀਐਸਐਫ ਪੰਜਾਬ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੱਤੀ ਗਈ ਹੈ।
ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਸਾਂਝੀ ਕਾਰਵਾਈ:ਇਸ ਸਬੰਧੀ ਬੀਐਸਐਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤਾ ਸੂਚਨਾ ਦੇ ਅਧਾਰ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਸਰਚ ਅਭਿਆਨ ਦੌਰਾਨ ਪਿੰਡ ਰਣੀਆ ਦੇ ਖੇਤਾਂ 'ਚ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਕੁੱਲ ਭਾਰ ਇੱਕ ਕਿਲੋ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੇ ਪੈਕੇਟਾਂ ਨੂੰ ਚਿੱਟੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਤੇ ਨਾਲ ਹੀ ਰਾਤ ਦੇ ਸੰਕੇਤ ਲਈ ਇੱਕ ਚਮਕਦਾਰ ਪੱਟੀ ਵੀ ਜੋੜੀ ਗਈ ਸੀ ਤਾਂ ਜੋ ਤਸਕਰਾਂ ਨੂੰ ਹੈਰੋਇਨ ਦੀ ਅਸਾਨੀ ਨਾਲ ਭਾਲ ਹੋ ਜਾਵੇ।
ਪਾਕਿ ਦੀਆਂ ਨਾਪਾਕਿ ਕੋਸ਼ਿਸ਼ਾਂ ਨਾਕਾਮ: ਬੀਐਸਐਫ਼ ਨੇ ਲਿਖਿਆ ਕਿ, ਪਾਕਿਸਤਾਨੀ ਸਮੱਗਲਰਾਂ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਅੱਗੇ ਵਧਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਪਾਕਿਸਤਾਨ ਵਾਲੇ ਪਾਸਿਓ ਇਥੇ ਡਰੋਨ ਰਾਹੀ ਨਸ਼ਾ ਜਾਂ ਹਥਿਆਰਾਂ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸੁਚੇਤ ਬੀਐਸਐਫ ਤੇ ਪੁਲਿਸ ਨੂੰ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹਨ।