ਅੰਮ੍ਰਿਤਸਰ: ਦੁਨੀਆ ਵਿੱਚ ਫੈਲੀ ਕੋਰੋਨਾ ਮਾਂਹਮਾਰੀ ਕਾਰਨ ਪੂਰੀ ਦੁਨੀਆ ਰੁੱਕ ਗਈ ਹੈ। ਦੁਨੀਆ ਦੀਆਂ ਕਈ ਸਰਕਾਰਾਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਆਪਣੇ ਦੇਸ਼ਾਂ 'ਚ 'ਤਲਾਬੰਦੀ' ਕੀਤੀ ਹੋਈ ਹੈ। ਇਸੇ ਤਰ੍ਹਾਂ ਹੀ ਲੋਕ ਵੱਖ-ਵੱਖ ਥਾਵਾਂ 'ਤੇ ਫਸ ਚੁੱਕੇ ਹਨ। ਭਾਰਤ ਵਿੱਚ ਕਈ ਦੇਸ਼ਾਂ ਦੇ ਨਾਗਰਿਕ ਫਸੇ ਹੋਏ ਹਨ। ਜਿਨ੍ਹਾਂ ਨੂੰ ਵਾਰੀ ਵਾਰੀ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤ 'ਚੋਂ ਕੱਢਿਆ ਜਾ ਰਿਹਾ ਹੈ। ਇਸੇ ਤਹਿਤ ਹੀ 5 ਮਈ ਨੂੰ ਬਰਤਾਨਵੀ ਸਰਕਾਰ ਨੇ ਆਪਣੇ 307 ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ ਰਾਹੀਂ ਭਾਰਤ ਵਿੱਚੋਂ ਕੱਢਿਆ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ ਵਿਸ਼ੇਸ਼ ਜਹਾਜ ਰਾਹੀ ਬਰਤਾਨਵੀ ਨਾਗਰਿਕਾਂ ਨੇ ਉਡਾਣ ਭਰੀ।
ਇਨ੍ਹਾਂ ਬਰਤਾਨਵੀ ਨਾਗਰਿਕਾਂ ਵਿੱਚ ਬਹੁਤੇ ਪ੍ਰਵਾਸੀ ਪੰਜਾਬੀ ਸ਼ਾਮਿਲ ਹਨ। ਇਸ ਮੌਕੇ ਵਾਪਸ ਇੰਗਲੈਂਡ ਜਾ ਰਹੇ ਇਨ੍ਹਾਂ ਯਾਤਰੀਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਆਖਿਆ ਕਿ ਉਹ ਖ਼ੁਸ਼ ਹਨ ਕਿ ਉਹ ਆਪਣੇ ਬੱਚਿਆ ਕੋਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਮਿਲਦੀ ਰਹੀ। ਵਾਪਸ ਪਰਤੇ ਇਨ੍ਹਾਂ ਲੋਕਾਂ ਦੇ ਚਹਿਰਿਆਂ 'ਤੇ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।