ਅੰਮ੍ਰਿਤਸਰ: ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 16ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਅੱਜ ਵੀਰਵਾਰ ਤੋਂ ਅੰਮ੍ਰਿਤਸਰ ਵਿੱਚ ਸ਼ੁਰੂ ਹੋਇਆ ਹੈ। ਇਸ ਵਾਰ ਪਾਈਟੈਕਸ ਵਿੱਚ ਭਾਰਤ ਦੇ ਕਈ ਰਾਜਾਂ ਅਤੇ ਵਿਦੇਸ਼ਾਂ ਤੋਂ 450 ਦੇ ਕਰੀਬ ਕਾਰੋਬਾਰੀ ਪਹੁੰਚੇ ਹਨ। ਦੱਸ ਦਈਏ ਕਿ ਪਾਇਟੈਕਸ ਨੇ ਪਿਛਲੇ 15 ਸਾਲਾਂ ਦੌਰਾਨ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।
ਸੀਐਮ ਮਾਨ ਵੀ ਕਰਨਗੇ ਸ਼ਿਰਕਤ: ਇਸ ਵਾਰ ਦੇਸ਼ ਭਰ ਤੋਂ 450 ਦੇ ਕਰੀਬ ਕਾਰੋਬਾਰੀ ਪਾਇਟੈਕਸ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਕਿਸਤਾਨ, ਅਫਗਾਨਿਸਤਾਨ, ਮਿਸਰ, ਈਰਾਨ, ਥਾਈਲੈਂਡ ਅਤੇ ਤੁਰਕੀ ਤੋਂ ਵਪਾਰੀ ਆਪਣੇ ਉਤਪਾਦ ਲੈ ਕੇ ਆਏ ਹਨ। ਭਾਰਤ ’ਚ ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਉਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਸੂਬੇ ਭਾਗ ਲੈ ਰਹੇ ਹਨ। 12 ਤਰੀਖ ਤੱਕ ਇਹ ਮੇਲਾ ਚੱਲੇਗਾ। 10 ਤਾਰੀਖ ਸ਼ਨੀਵਾਰ ਨੂੰ ਮੇਲੇ ਦੀ ਰੌਣਕ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ।