ਅੰਮ੍ਰਿਤਸਰ :ਅੰਮ੍ਰਿਤਸਰ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਛੁੱਟੀ ਹੋਣ ਕਰਕੇ ਦੇਸ਼ ਦੇ ਕੋਨੇ ਕੋਨੇ ਤੋਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ। ਸ਼ਰਧਾਲੂ ਆਪਣੇ ਮਨਾਂ ਵਿੱਚ ਗੁਰੂ ਘਰ ਆਉਣ ਲਈ ਬੜੀਆਂ ਆਸਾਂ ਮੁਰਾਦਾਂ ਲੈਕੇ ਆਉਂਦੇ ਹਨ, ਪਰ ਉਥੇ ਹੀ ਗੁਰੂ ਨਗਰੀ ਦੇ ਕੁਝ ਸ਼ਰਾਰਤੀ ਲੋਕ ਗੁਰੂ ਨਗਰੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦਾ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਦੇ ਮਨਾਂ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦਰਬਾਰ ਸਾਹਿਬ ਦੇ ਗਲਿਆਰੇ ਦੀ ਇੱਕ ਸਿੱਖ ਨੌਜਵਾਨਾਂ ਨਾਲ ਹੋਈ ਕੁੱਟਮਾਰ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸੱਕਦਾ ਹੈ ਕਿ ਕਿਵੇਂ ਕੁੱਝ ਸਿੱਖ ਨੌਜਵਾਨਾਂ ਨੂੰ ਫੋਟੋਗ੍ਰਾਫਰਾਂ ਵੱਲੋਂ ਜ਼ਖਮੀ ਕੀਤਾ ਗਿਆ ਹੈ।
Hooliganism in Darbar Sahib: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੌਜਵਾਨਾਂ ਨਾਲ ਫੋਟੋਗ੍ਰਾਫਰਾਂ ਵੱਲੋਂ ਕੁੱਟਮਾਰ - ਸੰਗਤ ਨਾਲ ਜ਼ਬਰਦਸਤੀ
ਸ੍ਰੀ ਦਰਬਾਰ ਸਾਹਿਬ ਵਿਖੇ ਕੁਝ ਫੋਟੋਗ੍ਰਾਫਰਾਂ ਵੱਲੋਂ ਰਾਤ ਸਮੇਂ ਸੰਗਤ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਦੇਰ ਰਾਤ ਸਾਹਮਣੇ ਆਇਆ। ਇਥੇ ਕੁਝ ਨੌਜਵਾਨਾਂ ਨੂੰ ਫੋਟੋ ਖਿਚਵਾਉਣ ਲਈ ਜ਼ੋਰ ਪਾਇਆ ਗਿਆ, ਜਦੋਂ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ 15 ਤੋਂ 20 ਫੋਟੋਗ੍ਰਾਫਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
![Hooliganism in Darbar Sahib: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੌਜਵਾਨਾਂ ਨਾਲ ਫੋਟੋਗ੍ਰਾਫਰਾਂ ਵੱਲੋਂ ਕੁੱਟਮਾਰ Photographers assaulted youths who came to Sri Darbar Sahib Amritsar](https://etvbharatimages.akamaized.net/etvbharat/prod-images/1200-675-18501215-1090-18501215-1684062215759.jpg)
ਨੌਜਵਾਨਾਂ ਨਾਲ ਫੋਟੋ ਖਿਚਵਾਉਣ ਲਈ ਕੀਤੀ ਜ਼ਬਰਦਸਤੀ :ਵੀਡੀਓ ਰਾਹੀਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ ਤਾਂ ਕੁਝ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਘੁੰਮ ਰਹੇ ਫੋਟੋਗ੍ਰਾਫਰਾਂ ਵੱਲੋਂ ਉਨ੍ਹਾਂ ਨਾਲ ਫੋਟੋ ਖਿਚਵਾਉਣ ਪਿੱਛੇ ਜ਼ਬਰਦਸਤੀ ਕੀਤੀ ਗਈ। ਸ਼ਰਾਬ ਦੇ ਨਸ਼ੇ ਵਿੱਚ ਫੋਟੋਗ੍ਰਾਫਰ ਧੱਕੇ ਨਾਲ ਉਨ੍ਹਾਂ ਨੌਜਵਾਨਾਂ ਉਤੇ ਫੋਟੋ ਖਿਚਵਾਉਣ ਦਾ ਜ਼ੋਰ ਪਾ ਰਹੇ ਸਨ, ਪਰ ਉਕਤ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ। ਜ਼ਬਰਦਸਤੀ ਉਨ੍ਹਾਂ ਨੂੰ ਡੈਮੋ ਲੈਣ ਲਈ ਕਿਹਾ ਤੇ ਬਾਅਦ ਵਿੱਚ ਜਦੋਂ ਨੌਜਵਾਨ ਨਾ ਮੰਨੇ ਤਾਂ ਉਸ ਫੋਟੋਗ੍ਰਾਫਰ ਨੇ ਆਪਣੇ 15 ਤੋਂ 20 ਸਾਥੀਆਂ ਨੂੰ ਬੁਲਾ ਕੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਕਈ ਵਾਰ ਖਬਰਦਾਰ ਕਰ ਚੁੱਕੀ ਹੈ ਪੁਲਿਸ :ਇਸ ਸਬੰਧੀ ਉਥੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਕਈ ਵਾਰ ਇਨ੍ਹਾਂ ਫੋਟੋਗ੍ਰਾਫਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਥੇ ਆਉਣ ਵਾਲੀ ਸੰਗਤ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਹਨ, ਜੋ ਜਾਣ ਬੁੱਝ ਕੇ ਸੰਗਤ ਨੂੰ ਪਰੇਸ਼ਾਨ ਕਰ ਕੇ ਉਨ੍ਹਾਂ ਨਾਲ ਝਗੜਾ ਕਰਦੇ ਹਨ। ਉਨ੍ਹਾਂ ਕਿਹਾ ਜੇਕਰ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਵੇ ਤਾਂ ਇਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਪੁਲਿਸ ਧਾਰਮਿਕ ਸਥਾਨ ਉਤੇ ਆ ਕੇ ਲੋਕਾਂ ਨੂੰ ਤੰਗ ਕਰ ਰਹੀ ਹੈ।