ਅੰਮ੍ਰਿਤਸਰ: ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਜਿੱਥੇ ਹਰ ਵਰਗ ਪ੍ਰੇਸ਼ਾਨ ਹੈ ਉਥੇ ਹੀ ਅੱਜ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂਆਂ ਵੱਲੋਂ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਕਰਨ ‘ਤੇ ਸਰਕਾਰ ਨੂੰ ਵਧਾਈ ਦਿੰਦਿਆਂ ਕੇਕ ਕੱਟਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰਾਂ ਨੂੰ ਰੱਜ ਕੇ ਲਾਹਨਤਾਂ ਵੀ ਪਾਈਆਂ।
ਪ੍ਰਦਰਸ਼ਨਕਾਰੀ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਜਤਾਉਂਦੇ ਹੋਏ ਆਪਣੀਆਂ ਗੱਡੀਆਂ ਅਤੇ ਮੋਟਰਸਾਇਕਲ ਦੀਆਂ ਚਾਬੀਆਂ ਸੌਂਪ ਸਾਇਕਲ ਚਲਾਉਣ ਦੀ ਗੱਲ ਕਹੀ ਗਈ। ਇਸ ਸੰਬੰਧੀ ਗੱਲਬਾਤ ਕਰਦਿਆਂ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਨੇ ਦੱਸਿਆ ਕਿ ਭਾਰਤ ਦੇਸ਼ ਅਜਿਹਾ ਮੁਲਕ ਹੈ ਜਿੱਥੇ 35 ਰੁਪਏ ਲੀਟਰ ਵਾਲਾ ਪੈਟਰੋਲ ਤੇ 65 ਰੁਪਏ ਟੈਕਸ ਲਗਾ ਕੇ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ।ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਦੀ ਜੇਬ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਜਿਸਦੇ ਚਲਦੇ ਲੋਕਾਂ ਲਈ ਕਾਰ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਹੋ ਗਿਆ ਹੈ।