ਅੰਮ੍ਰਿਤਸਰ: ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਤਹਿਤ ਦਿੱਤੀ ਜਾ ਰਹੀ ਸਰਕਾਰੀ ਕਣਕ ਨੂੰ ਵੰਡਣ ਦੌਰਾਨ ਡੀਪੂ ਹੋਲਡਰਾਂ ਵੱਲੋਂ ਹੇਰਾ-ਫੇਰੀ ਕਰਨ ਦੇ ਵਿਰੋਧ 'ਚ ਮੁਧਲ ਪਿੰਡ ਵਾਸੀਆ ਵੱਲੋਂ ਸਮਾਜ ਸੇਵਕ ਜਸਬੀਰ ਸਿੰਘ ਬਾਰੀਆ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਜਿਆਦਾਤਰ ਅਬਾਦੀ ਦਲਿਤ ਵਰਗ ਦੀ ਹੈ। ਕੋਰੋਨਾ ਵਾਇਰਸ ਦੇ ਚੱਲਦਿਆ ਲਗਾਏ ਗਏ ਕਰਫ਼ਿਊ ਦੇ ਚੱਲਦੇ ਸਭ ਦੇ ਕੰਮਕਾਰ ਬੰਦ ਹੋਏ ਪਏ ਹਨ, ਜਿਸ ਕਰਕੇ ਲੋਕਾਂ ਲਈ 2 ਵਕਤ ਦੀ ਰੋਟੀ ਦਾ ਇੰਤਜਾਮ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਪਿੰਡ ਵਿੱਚ 4 ਸਰਕਾਰੀ ਡੀਪੂ ਹਨ ਜਿਨ੍ਹਾਂ ਵਿੱਚ 400 ਦੇ ਕਰੀਬ ਕਾਰਡ ਧਾਰਕਾਂ ਦੇ ਕਾਰਡ ਹਨ। ਸਰਕਾਰ ਵੱਲੋਂ ਇਨ੍ਹਾਂ ਡੀਪੂਆਂ 'ਤੇ ਆਟਾ ਦਾਲ ਸਕੀਮ ਦੇ ਤਹਿਤ ਗ਼ਰੀਬ ਲੋਕਾਂ ਲਈ ਕਣਕ ਭੇਜੀ ਜਾਂਦੀ ਹੈ ਪਰ ਉਕਤ ਡੀਪੂਆਂ ਦੇ ਹੋਲਡਰਾਂ ਵੱਲੋਂ ਕਣਕ ਵੰਡਣ ਦੌਰਾਨ ਧਾਂਦਲੀ ਕਰਦੇ ਹੋਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਘੱਟ ਕਣਕ ਦਿੱਤੀ ਜਾ ਰਹੀ ਹੈ। ਇਸ ਵਾਰ ਵੀ ਡੀਪੂਆਂ 'ਤੇ 1230 ਦੇ ਕਰੀਬ ਕਣਕ ਦੇ ਤੋੜੇ ਆਏ ਹਨ, ਜਿਨ੍ਹਾਂ ਵਿੱਚੋਂ 324 ਕਾਰਡ ਧਾਰਕਾਂ ਨੂੰ ਕਣਕ ਦਿੱਤੀ ਗਈ ਹੈ। ਉਨ੍ਹਾਂ ਵਿੱਚੋਂ ਵੀ 107 ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਘੱਟ ਕਣਕ ਦਿੱਤੀ ਗਈ ਹੈ।