ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਆਪਣੇ ਹੀ ਹਲਕੇ 'ਚ ਵਿਰੋਧ ਅੰਮ੍ਰਿਤਸਰ: ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਉਸ ਦੇ ਹੀ ਹਲਕਾ ਅਜਨਾਲਾ ਦੇ ਪਿੰਡ ਕਮਾਲਪੁਰਾ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਲੋਕਾਂ ਦੇ ਵਿਰੋਧ ਦੇ ਚੱਲਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਿੰਡ ਕਮਾਲਪੁਰ ਤੋਂ ਉਲਟੇ ਪੈਰੀ ਭੱਜਣਾ ਪਿਆ ਜਿਸ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਪਿੰਡ ਦੇ ਕਿਸਾਨ ਆਗੂਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਦੁਬਾਰਾ ਪਿੰਡ ਵਿੱਚ ਨਾ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ।
ਲੋਕਾਂ ਨੇ ਲਾਏ ਮੁਰਦਾਬਾਦ ਦੇ ਨਾਅਰੇ:ਇਸ ਮੌਕੇ ਪਿੰਡ ਦੇ ਲੋਕਾਂ ਵੱਲੋ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਸੱਚ ਸੱਭ ਦੇ ਸਾਹਮਣੇ ਆ ਗਿਆ ਹੈ, ਇਨ੍ਹਾਂ ਵੱਲੋ ਜੋ ਵੀ ਵਾਅਦੇ ਕੀਤੇ ਗਏ ਸੀ, ਉਹ ਕੋਈ ਵੀ ਵਾਅਦਾ ਪੂਰਾ ਨਹੀਂ ਨਹੀਂ ਕੀਤਾ ਗਿਆ।
ਬਿਕਰਮ ਮਜੀਠੀਆਂ ਮੰਤਰੀ 'ਤੇ ਕੱਸਿਆ ਤੰਜ:ਆਪ’ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੇ ਹੀ ਹਲਕੇ ਅਜਨਾਲਾ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਵੀਡੀਓ ਵਾਇਰਲ ਹੋਣ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ ਐਕਸ 'ਤੇ ਵੀਡੀਓ ਪੋਸਟ ਕਰਕੇ ਬਿਕਰਮ ਮਜੀਠੀਆ ਨੇ ਮੰਤਰੀ ਧਾਲੀਵਾਲ ਅਤੇ 'ਆਪ' ਸਰਕਾਰ 'ਤੇ ਵਿਅੰਗ ਕੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਕਮਾਲਪੁਰਾ ਦੀ ਦੱਸੀ ਜਾ ਰਹੀ ਹੈ।
ਧਾਲੀਵਾਲ ਦਾ ਵਿਧਾਨ ਸਭਾ ਹਲਕਾ :ਅਜਨਾਲਾ ਹਲਕਾ ਵੀ ਕੁਲਦੀਪ ਧਾਲੀਵਾਲ ਦਾ ਵਿਧਾਨ ਸਭਾ ਹਲਕਾ ਹੈ ਅਤੇ ਉਹ ਇੱਥੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਆਏ ਸਨ, ਪਰ ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪਿੰਡ ਦੇ ਕਿਸਾਨ ਅਤੇ ਲੋਕ ਇਕੱਠੇ ਹੋ ਗਏ। ਮੰਤਰੀ ਕੁਲਦੀਪ ਧਾਲੀਵਾਲ ਦੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵੱਲ ਨਹੀਂ ਜਾਣ ਦਿੱਤਾ ਗਿਆ। ਸਥਾਨਕ ਲੋਕਾਂ ਨੇ ਕਦੇ ਵੀ ਪਿੰਡ ਨਾ ਆਉਣ ਦੀ ਚੇਤਾਵਨੀ ਦਿੱਤੀ।