ਅੰਮ੍ਰਿਤਸਰ:ਪੰਜਾਬ ਦੇ ਵਿੱਚ ਬੀਐੱਸਐੱਫ (BSF) ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ ਕੇਂਦਰ ਸਰਕਾਰ ਦੇ ਵੱਲੋਂ 50 ਕਿਲੋਮੀਟਰ ਤੱਕ ਦਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ (Central Government) ਦੇ ਇਸ ਫੈਸਲੇ ਦਾ ਆਮ ਲੋਕਾਂ ਤੋਂ ਲੈਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਸਰਹੱਦੀ ਪਿੰਡ ਅਟਾਰੀ (Border village Attari) ਵਿਖੇ ਰਹਿੰਦੇ ਲੋਕਾਂ ਵੱਲੋਂ ਵੀ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਗਈ ਹੈ।
ਪ੍ਰਦਰਸ਼ਨਕਾਰੀ ਲੋਕਾਂ ਨੇ ਕਿਹਾ ਕਿ ਕਿ ਕਿਸੇ ਵੀ ਹਾਲਤ ਦੇ ਵਿੱਚ ਕੇਂਦਰ ਦੇ ਇਸ ਫੈਸਲੇ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕੇਂਦਰ ਸਰਕਾਰ (Central Government) ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਪੰਜਾਬ ਖਿਲਾਫ਼ ਕੋਝੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਚਿੰਤਾ ਪ੍ਰਗਟ ਕੀਤੀ ਹੈ ਕਿ ਬੀਐੱਸਐਫ ਨੂੰ ਜੋ ਵੱਧ ਅਧਿਕਾਰ ਦਿੱਤੇ ਗਏ ਜਿਸ ਨਾਲ ਉਹ 50 ਕਿਲੋਮੀਟਰ ਦਾਇਰੇ ਦੇ ਵਿੱਚ ਆਉਂਦੇ ਘਰਾਂ ਦੇ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਤੇ ਗ੍ਰਿਫਤਾਰੀ ਕਰ ਸਕਦੀ ਜੋ ਕਿ ਗਲਤ ਹੈ। ਲੋਕਾਂ ਦਾ ਕਹਿਣੈ ਕਿ ਅਜਿਹਾ ਕਰਨਾ ਗਲਤ ਹੈ ਇਸ ਨਾਲ ਲੋਕਾਂ ਦੇ ਵਿੱਚ ਭਾਰੀ ਰੋਸ ਦੀ ਲਹਿਰ ਪੈਦਾ ਹੋਵੇਗੀ।