ਅੰਮ੍ਰਿਤਸਰ: ਇੱਕ ਪਾਸੇ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਉਥੇ ਹੀ ਕਈ ਅਜਿਹੇ ਖੇਤਰ ਵੀ ਹੈ ਜੋ ਬੁਨਿਆਦੀ ਸਹੂਲਤਾਂ ਤੋਂ ਹੀ ਸੱਖਣੇ ਹਨ। ਇਸ ਦੇ ਚੱਲਦਿਆਂ ਜੇਕਰ ਗੱਲ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੀ ਕੀਤੀ ਜਾਵੇ ਤਾਂ ਅੱਜ ਵੀ ਲੋਕ ਕਈ ਸਹੂਲਤਾਂ ਨੂੰ ਲੈਕੇ ਸਰਕਾਰਾਂ ਤੋਂ ਅਪੀਲ ਕਰਦੇ ਆ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਵਲੋਂ ਗੱਲਬਾਤ:ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਦੇ ਮੁਹਾਵਾ ਪਿੰਡ 'ਚ ਈਟੀਵੀ ਭਾਰਤ ਦੀ ਟੀਮ ਵਲੋਂ ਪਿੰਡ ਵਾਸੀਆਂ ਨਾਲ ਮੁੱਢਲੀਆਂ ਸਹੂਲਤਾਂ ਸਬੰਧੀ ਗੱਲਬਾਤ ਕੀਤੀ ਗਈ। ਜਿਸ 'ਚ ਸਥਾਨਕ ਲੋਕਾਂ ਵਲੋਂ ਮੀਡੀਆ ਅੱਗੇ ਆਪਣੇ ਦੁਖੜੇ ਪੇਸ਼ ਕੀਤੇ।
ਪਿੰਡ ਮੁਹਾਵਾ ਸਿੱਖਿਆ ਪੱਖੋਂ ਪਿਛੜਿਆ: ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਸਮੇਂ ਇਸ ਪਿੰਡ 'ਚੋਂ ਵੱਡੇ-ਵੱਡੇ ਲੀਡਰ, ਡਾਕਟਰ, ਪਟਵਾਰੀ ਤੇ ਟੀਚਰ ਬਣੇ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਿੰਡ ਵਿੱਚ ਸਕੂਲ ਤੇ ਹੈ ਪਰ ਪੜ੍ਹਾਉਣ ਲਈ ਟੀਚਰ ਨਹੀਂ ਹਨ। ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਲਈ ਪੜ੍ਹਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਕੋਈ ਬੱਚਾ ਦੱਸ ਜਮਾਤਾਂ ਪੜ੍ਹ ਜਾਂਦਾ ਹੈ ਤਾਂ ਅੱਗੇ ਪੜ੍ਹਨ ਲਈ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਿੱਚੋਂ ਉਸ ਨੂੰ ਪੜ੍ਹਾਈ ਕਰਨ ਲਈ ਸ਼ਹਿਰ ਜਾਣਾ ਪੈਂਦਾ ਹੈ ਤੇ ਇੰਨਾਂ ਖਰਚਾ ਉਸਦੇ ਪਰਿਵਾਰ ਵਾਲੇ ਝੱਲ ਨਹੀਂ ਸਕਦੇ। ਜਿਸ ਕਾਰਨ ਬੱਚੇ ਪੜ੍ਹਾਈ ਖੁਣੋਂ ਵਾਂਝੇ ਰਹਿ ਜਾਂਦੇ ਹਨ।
ਬੇਰੁਜ਼ਗਾਰੀ ਅਤੇ ਨਸ਼ੇ ਦੀ ਦਲਦਲ: ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਹੋਣ ਕਰਕੇ ਨੌਜਵਾਨ ਨਸ਼ੇ ਦੀ ਦਲਦਲ 'ਚ ਧੱਸ ਰਹੇ ਹਨ। ਪਹਿਲਾਂ ਅਫੀਮ ਤੇ ਸ਼ਰਾਬ ਦਾ ਨਸ਼ਾ ਹੁੰਦਾ ਸੀ, ਉਸਦਾ ਇੰਨਾ ਡਰ ਨਹੀਂ ਹੁੰਦਾ ਸੀ ਪਰ ਹੁਣ ਜੋ ਹੈਰੋਇਨ ਜਾਂ ਸਮੈਕ ਦਾ ਨਸ਼ਾ ਹ, ਉਹ ਬਹੁਤੀ ਮਾੜਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਨਸ਼ੇ ਨੇ ਨੌਜਵਾਨਾਂ ਦੀ ਜ਼ਿੰਦਗੀ ਰੋਲ ਦਿੱਤੀ ਹੈ। ਪਿੰਡ ਦੇ ਘਰ-ਘਰ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਤੇ ਨਾ ਹੀ ਕੋਈ ਰੋਕਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ।
ਗੁਆਂਢੀ ਮੁਲਕ ਸਰਗਰਮ: ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਹੱਦੀ ਪਿੰਡ ਹੋਣ ਕਰਕੇ ਇਹ ਬਾਰਡਰ ਦੇ ਕੰਢੇ 'ਤੇ ਪਿੰਡ ਹੈ ਤੇ ਕਈ ਵਾਰ ਨਾਲ ਦੇ ਮੁਲਕ ਪਾਕਿਸਤਾਨ ਵਿੱਚੋਂ ਡ੍ਰੋਨ ਵੀ ਸਾਡੇ ਪਿੰਡਾਂ ਵਿੱਚ ਆਉਂਦੇ ਹਨ ਤੇ ਨਸ਼ਾ ਤੇ ਹਥਿਆਰ ਸੁੱਟ ਕੇ ਚਲੇ ਜਾਂਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਕਿ ਕਈ ਵਾਰ ਬੀਐਸਐਫ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਵੀ ਕੀਤਾ ਪਰ ਇਹ ਕੰਮ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਰਹੱਦੀ ਪਿੰਡਾਂ ਵੱਲ ਧਿਆਨ ਦੇਣ ਦੀ ਲੋੜ ਹੈ।