ਅੰਮ੍ਰਿਤਸਰ: ਰੈਡ ਕਰਾਸ ਭਵਨ ਵਿੱਚ ਦੇਰ ਰਾਤ ਏਡੀਸੀ ਹਿਮਾਂਸ਼ੂ ਅਗਰਵਾਲ ਨੂੰ ਪਟਵਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਟਵਾਰੀਆਂ ਨੇ ਇਕੱਠੇ ਹੋ ਕੇ ਏਡੀਸੀ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਭਰਵੀਂ ਨਾਅਰੇਬਾਜ਼ੀ ਕੀਤੀ। ਪਟਵਾਰੀਆਂ ਦਾ ਕਹਿਣਾ ਸੀ ਕਿ ਏਡੀਸੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਫ਼ਾਈਲਾਂ ਨੂੰ ਕਲੀਅਰ ਨਹੀਂ ਕਰ ਰਹੇ ਅਤੇ ਨਾ ਹੀ ਮਿਲਣ ਦਿੱਤਾ ਜਾ ਰਿਹਾ ਹੈ।
ਪ੍ਰਦਰਸ਼ਨ ਦੌਰਾਨ ਪਟਵਾਰ ਯੂਨੀਅਨ ਦੇ ਮੁਖੀ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਲਾਜ਼ਮਾਂ ਦੀਆਂ ਪਿਛਲੇ ਕਈ ਦਿਨਾਂ ਤੋਂ ਕੰਮਾਂ ਦੀਆਂ ਫ਼ਾਈਲਾਂ ਏਡੀਸੀ ਹਿਮਾਂਸ਼ੂ ਅਗਰਵਾਲ ਦੀ ਮੇਜ਼ 'ਤੇ ਪਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਜਥੇਬੰਦੀ ਦੇ ਤਿੰਨ ਮੈਂਬਰਾਂ ਨਾਲ ਫ਼ਾਈਲਾਂ 'ਤੇ ਕਿੱਥੋਂ ਤੱਕ ਕਾਰਵਾਈ ਹੋਈ ਹੈ, ਬਾਰੇ ਪਤਾ ਕਰਨ ਲਈ ਡੀਆਰਓ ਤੋਂ ਬਾਅਦ ਏਡੀਸੀ ਦਫ਼ਤਰ ਪੁੱਜ ਕੇ ਅਤੇ ਪਰਚੀ ਕਟਵਾ ਕੇ ਬੈਠ ਗਏ ਪਰੰਤੂ ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਮਿਲਣ ਲਈ ਨਹੀਂ ਬੁਲਾਇਆ ਅਤੇ ਪਰਚੀ ਰੱਦ ਕਰ ਦਿੱਤੀ, ਜਿਸ ਕਾਰਨ ਪਟਵਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।