ਅੰਮ੍ਰਿਤਸਰ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਨਵੇਂ ਬਣਾਏ ਅਕਾਲੀ ਦਲ ਵਿੱਚ ਲੋਕਤੰਤਰਿਕ ਢੰਗ ਨਾਲ ਨਵੀਂ ਭਰਤੀ ਹੋਵੇਗੀ, ਜਿਸ ਵਿੱਚ ਪਹਿਲਾਂ ਸਰਕਲ ਪ੍ਰਧਾਨ, ਫਿਰ ਜ਼ਿਲ੍ਹਾ ਪ੍ਰਧਾਨ ਅਤੇ ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਨਿੱਜੀ ਮੁਫਾਦਾਂ ਤੋਂ ਗੁਰੇਜ਼ ਕਰਨਗੇ ਅਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮੁੱਦੇ ਹਨ, ਉਸ ਨੂੰ ਲੈ ਕੇ ਹਰ ਕਾਰਜ ਕਰਨਗੇ। ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ ਵੱਲੋਂ ਕੀਤੇ ਫੈਸਲੇ ਦਾ ਵਿਰੋਧ ਕਿਉ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਵਿੱਚ ਰਹਿ ਕੇ ਪਾਰਟੀ ਦੀਆਂ ਗਲਤ ਗਤੀਵਿਧੀਆਂ ਦਾ ਵਿਰੋਧ ਕੀਤਾ ਹੈ, ਜੋ ਸਿੱਧੇ ਰੂਪ ਵਿੱਚ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ।
ਉਨ੍ਹਾਂ ਕਿਹਾ ਕਿ ਪਾਰਟੀ ਨੂੰ ਛੱਡਣਾ ਸੌਖਾ ਨਹੀਂ ਹੁੰਦਾ, ਉਨ੍ਹਾਂ ਵੱਲੋਂ ਅਕਾਲੀ ਦਲ ਵਿੱਚ ਸੁਧਾਰ ਲਈ ਕਈ ਯਤਨ ਕੀਤੇ ਗਏ ਪਰ ਜਦੋਂ ਗੱਲ ਕਿਸੇ ਸਿੱਟੇ 'ਤੇ ਪਹੁੰਚ ਨਾ ਸਕੀ ਤਾਂ ਪਾਰਟੀ ਛੱਡਣੀ ਪਈ।
ਇੱਕ ਨਾਂਅ 'ਤੇ ਦੋ ਅਕਾਲੀ ਦਲ ਪਾਰਟੀਆਂ ਦੀ "ਰਜਿਸਟ੍ਰੇਸ਼ਨ" ਕਰਵਾਉਣ ਦੇ ਸਵਾਲ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਪਾਰਟੀ ਦਾ ਸਿਧਾਂਤ 'ਤੇ ਨਾਂਅ ਅਲੱਗ ਅਲੱਗ ਗੱਲਾਂ ਹਨ। ਅਸਲ ਵਿੱਚ ਹੁਣ ਬਾਦਲ ਪਰਿਵਾਰ ਕੋਲ ਸਿਰਫ਼ ਅਕਾਲੀ ਦਲ ਦਾ ਨਾਂਅ "ਰਜਿਸਟਰਡ" ਹੈ, ਸਿਧਾਂਤ ਨਹੀਂ ਅਤੇ ਅਕਾਲੀ ਦਲ ਦੇ ਗਲਤ ਫ਼ੈਸਲਿਆਂ ਕਰਕੇ ਹੀ ਪੰਜਾਬੀਆਂ ਅਤੇ ਸਿੱਖਾਂ ਨੂੰ ਦੁੱਖ ਪਹੁੰਚਿਆ ਹੈ।