ਬਜ਼ੁਰਗ ਵਲੋਂ ਤਿਆਰ ਕੀਤੀ ਜਾਂਦੀ ਪਨੀਰ ਬੇਲਪੁਰੀ ਇਲਾਕੇ 'ਚ ਮਸ਼ਹੂਰ ਅੰਮ੍ਰਿਤਸਰ: ਸ਼ਹਿਰ ਦੇ ਕੰਪਨੀ ਬਾਗ਼ ਦੇ ਬਾਹਰ ਇੱਕ ਕਰੀਬ 90 ਸਾਲਾ ਬਜ਼ੁਰਗ ਵਿਅਕਤੀ ਵੱਲੋਂ ਸਾਇਕਲ ਦੇ ਉਤੇ ਬੇਲਪੁਰੀ ਵੇਚੀ ਜਾ ਰਹੀ ਹੈ। ਇਹ ਬਜ਼ੁਰਗ ਵਿਅਕਤੀ ਪਿੱਛਲੇ 40 ਸਾਲਾਂ ਤੋਂ ਬੇਲਪੁਰੀ ਵੇਚਣ ਦਾ ਕੰਮ ਕਰ ਰਿਹਾ ਹੈ। ਬਜ਼ੁਰਗ ਪ੍ਰੇਮਨਾਥ ਦਾ ਕਹਿਣਾ ਹੈ ਕਿ ਇਸ ਉੱਤੇ ਹੀ ਉਸ ਦਾ ਘਰ ਚੱਲਦਾ ਹੈ। ਬਜ਼ੁਰਗ ਦੇ ਦੋ ਪੁੱਤਰ ਹਨ, ਪਰ ਬੇਲਪੁਰੀ ਦਾ ਕੰਮ ਸਾਂਭਣ ਲਈ ਉਸ ਦਾ ਪੋਤਰਾ ਪੂਰਾ ਸਾਥ ਦੇ ਰਿਹਾ ਹੈ, ਜੋ ਕਿ ਅਜੇ ਬਾਰ੍ਹਵੀ ਪਾਸ ਕਰਕੇ ਹੱਟਿਆ ਹੈ। ਉਸ ਦਾ ਵੀ ਮੰਨਣਾ ਹੈ ਕਿ ਉਹ ਅਪਣੇ ਹੀ ਇਸ ਕੰਮ ਨੂੰ ਸੰਭਾਲੇਗਾ, ਕਿਉਂਕਿ ਅਪਣੇ ਕੰਮ ਦੀ ਕੋਈ ਰੀਸ ਨਹੀਂ।
ਕਿਉਂ ਖਾਸ ਹੈ ਬੇਲਪੁਰੀ:ਅੱਜ ਤੱਕ ਜਿੰਨੀਆਂ ਵੀ ਬੇਲਪੁਰੀਆਂ ਵਿਕਦੀਆਂ ਦੇਖੀਆਂ, ਇਹ ਮਹਿਜ਼ ਨਮਕੀਨ, ਪਰਮਲ, ਸਾਸ, ਟਮਾਟਰ, ਹਰੀ ਮਿਰਚ ਤੇ ਪਿਆਜ ਵਾਲੀ ਬਣੀ ਹੀ ਆਮ ਦੇਖੀ ਜਾਂਦੀ ਹੈ। ਪਰ, ਪ੍ਰੇਮਨਾਥ ਨੇ ਦੱਸਿਆ ਕਿ ਉਹ ਬੇਲਪੁਰੀ ਤਿਆਰ ਕਰਨ ਲੱਗੇ ਜੋ ਮਸਾਲੇ ਵਰਤਦੇ ਹਨ, ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਤੋਂ ਇਲਾਵਾ ਖਟਾਸ ਵਾਲੀ ਸਾਸ ਵੀ ਖੁਦ ਤਿਆਰ ਕਰਦੇ ਹਨ। ਫਿਰ ਬੇਲਪੁਰੀ ਬਣਾਉਣ ਲੱਗੇ ਭੂਜੀਆਂ, ਹੋਰ ਕਈ ਤਰ੍ਹਾਂ ਦੇ ਨਮਕੀਨ, ਗਿਰੀਆਂ, ਖੁਦ ਤਿਆਰ ਕੀਤੇ ਮਸਾਲੇ ਤੇ ਸਾਸ ਅਤੇ ਪਨੀਰ ਦੇ ਟੁਕੜੇ ਵੀ ਪਾਉਂਦੇ ਹਨ। ਫਿਰ ਬਣ ਜਾਂਦੀ ਹੈ ਪਨੀਰ ਬੇਲਪੁਰੀ, ਜੋ ਹਰ ਗੁਰੂ ਨਗਰ ਦੇ ਵਾਸੀਆਂ ਦੀ ਕਾਫੀ ਪਸਦੀਂਦਾ ਹੈ।
10-12 ਸਾਲ ਤੋਂ ਇੱਕ ਗਾਹਕ ਪੱਕਾ: ਉੱਥੇ ਖੜੇ ਇਕ ਗਾਹਕ ਨੇ ਦੱਸਿਆ ਕਿ ਪਿੱਛਲੇ 10 -12 ਸਾਲ ਤੋਂ ਇਹ ਇੱਥੋ ਹੀ ਬੇਲਪੁਰੀ ਖਾ ਰਿਹਾ ਹੈ। ਉਸ ਨੇ ਇਥੇ ਵਰਗੀ ਬੇਲਪੁਰੀ ਕਦੇ ਨਹੀਂ ਖਾਧੀ, ਕਿਉਂਕਿ ਜਿਹੋ ਜਿਹੀ ਬੇਲਪੁਰੀ, ਖਾਸ ਕਰਕੇ ਪਨੀਰ ਬੇਲਪੁਰੀ ਇਹ ਬਜ਼ੁਰਗ ਤਿਆਰ ਕਰਦੇ ਹਨ, ਅਜਿਹੀ ਪੂਰੇ ਅੰਮ੍ਰਿਤਸਰ ਵਿੱਚ ਕਿਤੇ ਵੀ ਨਹੀਂ ਮਿਲਦੀ ਹੋਵੇਗੀ। ਉਨ੍ਹਾਂ ਕਿਹਾ ਇੱਥੇ ਬਣ ਬੇਲਪੁਰੀ ਦਾ ਸਵਾਦ ਹੀ ਵੱਖਰਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ 10-12 ਸਾਲ ਪਹਿਲਾਂ ਬੇਲਪੁਰੀ ਖਾਧੀ ਸੀ, ਤਾਂ 5-10 ਰੁਪਏ ਦੀ ਪਲੇਟ ਮਿਲਦੀ ਸੀ, ਪਰ ਹੁਣ ਜਿਵੇਂ-ਜਿਵੇਂ ਮਹਿੰਗਾਈ ਵਧੀ, ਉਵੇਂ ਹੀ, ਇਸ ਬੇਲਪੁਰੀ ਦਾ ਰੇਟ ਹੁਣ 50 ਰੁਪਏ ਪਲੇਟ ਭਾਵੇਂ ਹੋ ਗਿਆ ਹੈ, ਪਰ ਜਿੰਨਾ ਸਾਮਾਨ ਇਹ ਬਜ਼ੁਰਗ ਬੇਲਪੁਰੀ ਵਿੱਚ ਪਾਉਂਦੇ ਹਨ, ਉੰਨਾਂ ਕੋਈ ਹੋਰ ਨਹੀਂ ਪਾਉਂਦਾ। ਉਨ੍ਹਾਂ ਕਿਹਾ ਕਿ ਅਜਿਹਾ ਸੁਆਦ ਵੀ ਕਿਤੇ ਹੋਰ ਤੋਂ ਨਹੀਂ ਮਿਲ ਸਕਦਾ।
ਨੌਜਵਾਨਾਂ ਲਈ ਮਿਸਾਲ: ਇਹ ਬਜ਼ੁਰਗ ਪ੍ਰੇਮਨਾਥ ਅੱਜ ਕਈ ਨੌਜਵਾਨਾਂ ਲਈ ਮਿਸਾਲ ਹੈ, ਜੋ ਘੱਟ ਉਮਰ ਵਿੱਚ ਹੀ ਅਜਿਹੇ ਮਿਹਨਤ ਭਰੇ ਕੰਮ ਨੂੰ ਨਾ ਕਰਕੇ ਆਰਾਮ ਫਰਮਾਉਣਾ ਚਾਹੁੰਦੇ ਅਤੇ ਕਈ ਅਜਿਹੇ ਲੋਕ ਜੋ 60 ਤੋਂ ਬਾਅਦ ਕੰਮਾਂ ਤੋਂ ਰਿਟਾਇਰ ਹੋ ਜਾਂਦੇ ਹਨ। ਪਰ, ਇਹ ਪ੍ਰੇਮਨਾਥ ਅੱਜ ਵੀ ਹੱਥੀਂ ਕੰਮ ਕਰਕੇ ਪਰਿਵਾਰ ਪਾਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਘਰ ਵਿੱਚ ਮਨ ਨਹੀਂ ਲੱਗਦਾ, ਇਸ ਲਈ ਉਹ ਇੱਥੇ ਹੀ ਆ ਜਾਂਦਾ।