ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ, ਜਦੋਂ ਉਨ੍ਹਾਂ ਵੱਡੀ ਨਸ਼ਾ ਤਸਕਰੀ 'ਤੇ ਨੱਥ ਪਾਉਂਦਿਆਂ ਇੱਕ ਪਾਕਿਸਤਾਨੀ ਨਸ਼ਾ ਤਸਕਰ ਨੂੰ ਢੇਰ ਕਰ ਦਿੱਤਾ। ਪੁਲਿਸ ਨੂੰ ਤਸਕਰ ਕੋਲੋਂ 22 ਪੈਕੇਟ ਹੈਰੋਇਨ, 2 ਏ ਕੇ 47, 4 ਮੈਗਜ਼ੀਨ, 45 ਜਿੰਦਾ ਕਾਰਤੂਸ, ਪਾਕਿਸਤਾਨੀ ਕਰੰਸੀ ਅਤੇ ਪਲਾਸਟਿਕ ਦਾ ਪਾਇਪ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭੌਫ ਕੱਕੜ ਥਾਣਾ ਲੋਪੋਕੇ ਨਜ਼ਦੀਕ ਭਾਰਤੀ ਤਸਕਰਾਂ ਨੂੰ ਹੈਰੋਇਨ ਅਤੇ ਹਥਿਆਰ ਸਪਲਾਈ ਕੀਤੇ ਜਾਣੇ ਹਨ। ਇਸ ਸਬੰਧੀ ਪੁਲਿਸ ਵਲੋਂ ਬੀ.ਐਸ.ਐਫ ਨਾਲ ਸਾਂਝਾ ਅਪ੍ਰੇਸ਼ਨ ਚਲਾਇਆ ਗਿਆ, ਜਿਸ 'ਚ ਪਾਕਿਸਤਾਨੀ ਤਸਕਰ ਨੂੰ ਢੇਰ ਕਰ ਦਿੱਤਾ ਗਿਆ।