ਪਾਕਿਸਤਾਨ ਸਰਕਾਰ ਨੇ ਤਿੰਨ ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ ਅੰਮ੍ਰਿਤਸਰ:ਗੁਆਂਢੀ ਮੁਲਕ ਪਾਕਿਸਤਾਨ ਤੋਂ ਭਾਰਤ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਾਕਿਸਤਾਨ ਸਰਕਾਰ ਵਲੋਂ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਕੇ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਦੇਸ਼ ਭੇਜਿਆ ਗਿਆ। ਦੱਸਿਆ ਜਾ ਰਿਹਾ ਕਿ 21 ਜੂਨ 2022 ਨੂੰ ਇੱਕ ਮਹੀਨੇ ਦੇ ਵੀਜੇ 'ਤੇ ਭਾਰਤੀ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ, ਜਿਥੇ ਭਾਰਤੀ ਪਰਿਵਾਰ ਦੇ ਸਾਮਾਨ 'ਚੋਂ ਪਿਸਟਲ ਮਿਲਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਪਾਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।
ਇੱਕ ਸਾਲ ਬਾਅਦ ਵਤਨ ਵਾਪਸੀ: ਇਸ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਦੋ ਮਹੀਨੇ ਦੀ ਸਜਾ ਹੋਈ ਸੀ। ਹਾਲਾਂਕਿ ਕਾਗਜ਼ਾਤ ਪੂਰੇ ਹੋਣ ਤੋਂ ਬਾਅਦ ਤਿੰਨੋਂ ਜੀਅ ਹੁਣ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਭਾਰਤ ਵਾਪਸ ਪਰਤੇ ਹਨ। ਭਾਰਤ ਪੁੱਜਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਵਿੱਚ ਸਮਾਨ ਜਿਆਦਾ ਹੋਣ ਕਰਕੇ ਦੋ ਮਹੀਨੇ ਦੀ ਸਜਾ ਸੁਣਾਈ ਗਈ ਸੀ ਪਰ ਸਾਨੂੰ ਇੱਕ ਸਾਲ ਜੇਲ੍ਹ ਵਿੱਚ ਹੀ ਰਹਿਣਾ ਪਿਆ।
ਅਟਾਰੀ ਵਾਹਗਾ ਸਰਹੱਦ ਰਾਹੀਂ ਰਿਹਾਅ: ਉਨ੍ਹਾਂ ਕਿਹਾ ਕਿ ਉਹ ਆਪਣੇ ਵਤਨ ਭਾਰਤ ਵਾਪਿਸ ਪੁੱਜੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪੰਜਾਬ ਦੇ ਗੁਆਂਢੀ ਮੁਲਕ ਪਾਕਿਸਤਾਨ ਸਰਕਾਰ ਵਲੋਂ ਇੱਕੋ ਪਰਿਵਾਰ ਦੇ 3 ਮੈਂਬਰਾਂ ਨੂੰ ਭਾਰਤ-ਪਾਕਿ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਾਹੀਂ ਰਿਹਾਅ ਕੀਤਾ ਗਿਆ।
ਸਮਾਨ 'ਚੋਂ ਪਿਸਤੌਲ ਬਰਾਮਦ:ਇਸ ਮੌਕੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਸਾਲ ਪਹਿਲਾ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ। ਜਿੱਥੇ ਕਿ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਭਾਰਤੀ ਪਰਿਵਾਰ ਦੇ ਮੈਂਬਰ ਨਾਫੀਸ ਅਹਿਮਦ, ਅਮੀਨਾ ਅਹਿਮਦ ਤੇ ਕਾਲੀਮ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹੀ ਸਨ ਕਿ ਪਾਕਿਸਤਾਨ ਦੇ ਸਰਹੱਦ ਵਿਖੇ ਸਮਾਨ ਦੀ ਚੈਕਿੰਗ ਦੌਰਾਨ ਇਹਨਾਂ ਦੇ ਸਾਮਾਨ ਵਿੱਚੋਂ ਤਿੰਨ ਪਿਸਟਲ ਜਰਮਨ ਮਾਰਕਾ ਮਿਲੇ ਸਨ।
ਪਾਕਿਸਤਾਨ ਕਸਟਮ ਵੱਲੋਂ ਕਾਰਵਾਈ:ਪ੍ਰੋਟੋਕੋਲ ਅਧੀਕਾਰੀ ਨੇ ਦੱਸਿਆ ਕਿ ਇਸ ਕਰਕੇ ਪਾਕਿਸਤਾਨ ਕਸਟਮ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ 'ਤੇ ਪਰਚਾ ਦਰਜ ਕਰਕੇ ਭਾਰਤੀ ਪਰਿਵਾਰ ਦੇ ਤਿੰਨੇ ਮੈਂਬਰਾਂ ਨੂੰ ਲਾਹੌਰ ਵਿਖੇ ਦੋ ਮਹੀਨੇ ਦੀ ਸਜ਼ਾ ਕੱਟਣ ਵਾਸਤੇ ਭੇਜ ਦਿੱਤਾ ਗਿਆ ਸੀ ਪਰ ਇਹ ਲੋਕ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਭਾਰਤ ਵਾਪਸ ਪਰਤੇ ਹਨ। ਇਹ ਲੋਕ ਯੂਪੀ ਦੇ ਸ਼ਾਮਲੀ ਪਿੰਡ ਦੇ ਰਹਿਣ ਵਾਲੇ ਹਨ।
ਸਮਾਨ ਜਿਆਦਾ ਹੋਣ ਕਾਰਨ ਮਿਲੀ ਸਜਾ:ਉਧਰ ਭਾਰਤੀ ਪਰਿਵਾਰ ਇੱਕ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਵਤਨ ਆ ਕੇ ਬਹੁਤ ਖੁਸ਼ ਨਜਰ ਆ ਰਿਹਾ ਹੈ। ਜਿਸ 'ਚ ਇਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਕੋਲ ਸਮਾਨ ਜਿਆਦਾ ਹੋਣ ਕਰਕੇ ਉਨ੍ਹਾਂ ਨੂੰ ਸਜਾ ਸੁਣਾਈ ਗਈ ਸੀ ਤੇ ਉਨ੍ਹਾਂ ਦੇ ਕੋਲੋਂ ਕੋਈ ਪਿਸਤੌਲ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਆ ਕੇ ਉਨ੍ਹਾਂ ਨੂੰ ਰਾਹਤ ਮਿਲੀ ਹੈ।