ਪ੍ਰਬੰਧਾਂ ਨੂੰ ਲੈਕੇ ਆੜ੍ਹਤੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ:ਪੰਜਾਬ 'ਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ। ਜਿਸ ਸਬੰਧੀ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਦੇ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣੇ ਦੀ ਖਰੀਦ ਕਰਨ ਦੀ ਗੱਲ ਆਖੀ ਗਈ ਹੈ। ਇਸ ਦੇ ਚੱਲਦੇ ਸਰਕਾਰ ਵਲੋਂ ਮੰਡੀਆਂ 'ਚ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਹਨ। ਉਥੇ ਹੀ ਪੰਜਾਬ ਮੰਡੀ ਬੋਰਡ ਵਲੋਂ ਸੂਬੇ ਭਰ 'ਚ ਫਸਲ ਖਰੀਦ ਲਈ 1854 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। (Government procurement of paddy)
ਝੋਨੇ ਦੀ ਸਰਕਾਰੀ ਖਰੀਦ:ਇਸ ਦੇ ਨਾਲ ਹੀ ਇਸ ਵਾਰ ਝੋਨੇ ਦੀ ਬੋਲੀ 'ਚ ਕਿਸਾਨ ਦੀ ਪਹਿਚਾਣ ਅਤੇ ਉਸਦਾ ਰਿਕਾਰਡ ਬਇਓਮੈਟ੍ਰਿਕ ਨਾਲ ਹੋਣਾ ਲਾਜ਼ਮੀ ਨਹੀਂ ਹੋਵੇਗਾ ਅਤੇ ਨਾ ਹੀ ਆੜ੍ਹਤੀ ਤੇ ਮਜਦੂਰ 1 ਅਕਤੂਬਰ ਨੂੰ ਹੜਤਾਲ 'ਤੇ ਜਾਣਗੇ। ਇਸ ਦੇ ਬਾਵਜੂਦ ਅੰਮ੍ਰਿਤਸਰ ਦੀ ਭਗਤਾ ਵਾਲਾ ਦਾਣਾ ਮੰਡੀ ਦੀ ਫਿਲਹਾਲ ਝੋਨੇ ਦੀ ਖਰੀਦ ਲਈ ਕਿਸਾਨਾਂ ਨੂੰ ਦੋ ਦਿਨ ਉਡੀਕ ਕਰਨੀ ਪੈ ਸਕਦੀ ਹੈ, ਕਿਉਂਕਿ ਮੰਡੀ 'ਚ ਜਾਮ ਲੱਗਿਆ ਹੋਣ ਕਾਰਨ ਫਿਲਹਾਲ ਦੋ ਦਿਨ ਲਈ ਮੰਡੀ ਨੂੰ ਬੰਦ ਕੀਤਾ ਗਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਮੰਡੀ ਮੁੜ ਤੋਂ ਖੁੱਲ੍ਹੇਗੀ। ।
ਸਰਕਾਰ ਦੇ ਪ੍ਰਬੰਧਾਂ ਤੋਂ ਨਾਖੁਸ਼ ਆੜ੍ਹਤੀ: ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਭਗਤਾ ਵਾਲਾ ਦਾਣਾ ਮੰਡੀ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਭਗਤਾ ਵਾਲਾ ਦਾਣਾ ਮੰਡੀ ਏਸ਼ੀਆ ਦੀ ਸਭ ਤੋ ਵਡੀ ਮੰਡੀ ਹੈ ਪਰ ਪ੍ਰਬੰਧਾਂ ਦੀ ਘਾਟ ਕਾਰਨ ਇਥੇ ਹਰ ਸੀਜਨ ਕਈ-ਕਈ ਘੰਟੇ ਜਾਮ ਦਾ ਸਾਹਮਣਾ ਕਰਨਾ ਪੈਦਾ ਹੈ। ਜਿਸ ਕਾਰਨ ਇਸ ਝੋਨੇ ਦੀ ਫਸਲ ਦੇ ਮੰਡੀ ਵਿਚ ਪਹੁੰਚਣ ਕਾਰਨ ਮੰਡੀ ਵਿੱਚ ਲਗਾ ਜਾਮ ਕਿਸਾਨਾਂ ਲਈ ਵੱਡੀ ਸਮਸਿਆ ਬਣਿਆ ਹੈ। ਇਸ ਦੇ ਚੱਲਦੇ ਰਸਤਾ ਨਾ ਹੋਣ ਕਾਰਨ ਦੋ ਦਿਨ ਛੁੱਟੀ ਤੋ ਬਾਅਦ ਹੁਣ ਮੰਗਲਵਾਰ ਨੂੰ ਝੋਨੇ ਦੀ ਖਰੀਦ ਹੋਵੇਗੀ।
ਰਸਤਾ ਨਾ ਹੋਣ ਕਾਰਨ ਲੱਗਦਾ ਜਾਮ:ਉਨ੍ਹਾਂ ਦਾ ਕਹਿਣਾ ਕਿ ਲੱਗਭਗ ਦੋ ਸਾਲ ਤੋ ਸਰਕਾਰ ਨੂੰ ਪ੍ਰਪੋਜਲ ਭੇਜਣ ਦੇ ਬਾਵਜੂਦ ਵੀ ਸਾਨੂੰ ਕੋਈ ਵੱਖਰਾ ਰਸਤਾ ਸਰਕਾਰ ਵਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਹਾਲਾਂਕਿ ਲਾਗਲੇ ਪਿੰਡਾਂ ਦੇ ਕਿਸਾਨਾਂ ਵਲੋਂ ਸਾਨੂੰ ਰਸਤਾ ਦੇਣ ਲਈ ਹਾਮੀ ਭਰੀ ਹੈ, ਜੋ ਕਿ ਸ਼ਹਿਰ ਦੇ ਬਾਹਰੋ ਬਾਹਰ ਮੰਡੀ ਨੂੰ ਪਹੁੰਚੇਗਾ ਅਤੇ ਨਾਲ ਹੀ ਜੋ ਲੰਬਾ ਜਾਮ ਸੜਕਾਂ 'ਤੇ ਟਰਾਲੀਆਂ ਨਾਲ ਲੱਗਦਾ ਉਸ ਤੋਂ ਕਿਸੇ ਹੱਦ ਤੱਕ ਨਿਜ਼ਾਤ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਿਸਾਨਾਂ ਨੂੰ ਕਈ-ਕਈ ਘੰਟੇ ਰਾਹ ਨਾ ਹੋਣ ਕਾਰਨ ਟਰੈਕਟਰਾਂ 'ਤੇ ਬੈਠ ਕੇ ਸਬਰ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ।
ਪਿਛਲੇ ਦਿਨੀਂ ਮੰਤਰੀ ਨੇ ਕੀਤੀ ਸੀ ਮੀਟਿੰਗ: ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਕਿਸਾਨ ਭਵਨ ਵਿਖੇ ਆੜ੍ਹਤੀ ਐਸੋਸੀਏਸ਼ਨਾਂ ਅਤੇ ਮੰਡੀ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਦੀਆਂ ਮੰਗਾਂ ਅਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ 'ਤੇ ਵਿਚਾਰ ਕਰੇਗੀ ਅਤੇ ਉਨ੍ਹਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਮਜ਼ਦੂਰਾਂ ਦੀ ਮਿਹਨਤ ਵਧਾਉਣ ਦਾ ਭਰੋਸਾ: ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਜ਼ਦੂਰਾਂ ਦੀ ਮਿਹਨਤ ਵਧਾਉਣ ਦਾ ਭਰੋਸਾ ਦਿੱਤਾ ਸੀ। ਇਸ ਸਬੰਧੀ ਜਲਦੀ ਹੀ ਇੱਕ ਹੋਰ ਮੀਟਿੰਗ ਹੋਵੇਗੀ। ਇੱਥੇ ਮੰਡੀ ਬੋਰਡ ਵੱਲੋਂ ਝੋਨੇ ਦੀ ਖਰੀਦ ਲਈ ਸੂਬੇ ਵਿੱਚ 1854 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਮੰਡੀ ਬੋਰਡ ਵੱਲੋਂ ਮਜ਼ਦੂਰਾਂ ਦਾ ਲੇਬਰ ਰੇਟ 18 ਤੋਂ 20 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ 4.5 ਫੀਸਦੀ ਘੱਟ ਮਿਲ ਰਿਹਾ ਹੈ। ਇਸ ਨੂੰ ਲੈ ਕੇ ਗਲਾ ਮਜ਼ਦੂਰ ਯੂਨੀਅਨ ਨਾਰਾਜ਼ ਸੀ। ਯੂਨੀਅਨ ਨੇ 1 ਅਕਤੂਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ। ਪਰ ਹੁਣ ਖੇਤੀ ਮੰਤਰੀ ਨੇ ਮੀਟਿੰਗ ਦੌਰਾਨ ਲੇਬਰ ਵਧਾਉਣ ਦਾ ਭਰੋਸਾ ਦਿੱਤਾ ਸੀ।