ਟੈਕਸੀ ਸਟੈਂਡ ਦੇ ਖੋਖੇ ਢਾਹੁਣ ਤੋਂ ਨਾਰਾਜ਼ ਮਾਲਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ: ਮਜੀਠਾ ਰੋਡ ਉੱਤੇ ਗੁਰੂ ਨਾਨਕ ਦੇਵ ਹਸਪਾਤਲ ਦੇ ਨੇੜੇ ਟੈਕਸੀ ਸਟੈਂਡ ਦੇ ਖੋਖਾ ਮਾਲਕਾਂ ਵਲੋਂ ਰੋਡ ਜਾਮ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਤ ਖੋਖਾ ਮਾਲਿਕਾ ਨੇ ਕਿਹਾ ਕਿ ਇੱਥੇ 200 ਦੇ ਕਰੀਬ ਟੈਕਸੀ ਸਟੈਂਡ ਖੋਖੇ ਹਨ, ਜਿਨ੍ਹਾਂ ਵਿਚੋਂ ਸਾਡੇ 17 ਦੇ ਕਰੀਬ ਖੋਖੇ ਢਾਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਸਮੇ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਸਾਨੂੰ ਇਹ ਖੋਖੇ ਖੋਲ੍ਹ ਕੇ ਦਿੱਤੇ ਗਏ ਸਨ, ਜਿਨ੍ਹਾਂ ਦੀ ਬਕਾਇਦਾ ਪਰਚੀ ਵੀ ਅਸੀਂ ਨਗਰ ਨਿਗਮ ਕੋਲ ਕਟਾਉਂਦੇ ਰਹੇ ਹਾਂ, ਪਰ ਫਿਰ ਵੀ ਸਾਡੇ ਖੋਖੇ ਢਾਹ ਦਿੱਤੇ ਗਏ।
ਨਗਰ ਨਿਗਮ ਵੱਲੋਂ ਇਕ ਖੋਖੇ ਬਦਲੇ 50 ਹਜ਼ਾਰ ਦੀ ਮੰਗ:ਪ੍ਰਦਰਸ਼ਨਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਪਿਛਲੇ ਦੱਸ ਦਿਨ ਪਹਿਲਾਂ ਨਗਰ ਨਿਗਮ ਵੱਲੋਂ ਇੱਥੇ ਖੋਖੇ ਢਾਹੁਣ ਦਾ ਨੋਟਿਸ ਲਗਾਇਆ ਗਿਆ ਸੀ। ਸਾਡਾ ਇੱਥੇ ਟੈਕਸੀ ਸਟੈਂਡ ਦਾ ਖੋਖਾ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਸਾਡੇ ਕੋਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਪੰਜਾਹ-ਪੰਜਾਹ ਹਜ਼ਾਰ ਰੁਪਏ ਇੱਕ ਇੱਕ ਖੋਖੇ ਦੇ ਮੰਗੇ ਗਏ ਸਨ, ਜਿਹੜੇ ਸਾਡੇ ਵੱਲੋਂ ਨਹੀਂ ਦਿੱਤੇ ਗਏ ਸਨ। ਇਸ ਦੇ ਚੱਲਦੇ ਅੱਜ ਸਵੇਰੇ ਤੜਕਸਾਰ ਨਗਰ ਨਿਗਮ ਵੱਲੋਂ ਸਾਡੇ 17 ਦੇ ਕਰੀਬ ਖੋਖੇ ਢਾਹ ਦਿੱਤੇ ਗਏ ਹਨ।
ਪੈਸੇ ਨਾ ਦਿੱਤੇ ਜਾਣ ਕਰਕੇ ਸਾਡੇ ਖੋਖੇ ਢਾਹੇ ਗਏ:ਪੀੜਤ ਜਸਬੀਰ ਸਿੰਘ ਅਤੇ ਦਵਿੰਦਰ ਕੁਮਾਰ ਨੇ ਕਿਹਾ ਕਿ ਪੈਸੇ ਨਾ ਦੇਣ ਦੇ ਕਾਰਨ ਅੱਜ ਸਾਡਾ ਰੁਜ਼ਗਾਰ ਖੋਹ ਕੇ ਸਾਨੂੰ ਭੁੱਖਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2016 ਸਾਲ ਤੱਕ ਅਸੀਂ ਇਨ੍ਹਾਂ ਖੋਖਿਆਂ ਦਾ ਕਿਰਾਇਆ ਦਿੰਦੇ ਰਹੇ ਹਾਂ। ਉਨ੍ਹਾਂ ਕਿ 2017 ਸਾਲ ਵਿੱਚ ਸਰਕਾਰ ਵੱਲੋਂ ਸਾਨੂੰ ਇਨ੍ਹਾਂ ਖੋਖਿਆਂ ਦੀ ਮਾਲਕੀ ਦਿੱਤੀ ਸੀ ਜਿਸ ਉੱਤੇ ਅਸੀਂ ਬੈਂਕ ਤੋਂ ਲੋਨ ਵੀ ਲਿਆ ਸੀ। ਪੀੜਤ ਖੋਖਾ ਮਾਲਕਾਂ ਨੇ ਕਿਹਾ ਕਿ ਅਸੀਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਮਿਲੇ ਅਤੇ ਕਿਰਾਇਆ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਸਾਡੇ ਕੋਲ਼ੋਂ ਕਿਰਾਇਆ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ 100 ਤੋਂ ਉਪਰ ਬਾਕੀ ਖੋਖੇ ਨਹੀਂ ਢਾਹੇ ਗਏ, ਕਿਉਂਕਿ ਇਨ੍ਹਾਂ ਖੋਖਿਆਂ ਵਾਲਿਆਂ ਨੇ 50-50 ਹਜ਼ਾਰ ਰੁਪਏ ਨਗਰ ਨਿਗਮ ਅਧਿਕਾਰੀਆਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਟੈਕਸੀ ਸਟੈਂਡ ਲਈ ਇਹ ਖੋਖੇ ਬਣਾਏ ਗਏ ਸੀ।
ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੂੰ ਚੇਤਾਵਨੀ:ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਾਡੇ ਖੋਖੇ ਦੁਬਾਰਾ ਨਾ ਬਣਾਏ ਗਏ, ਤਾਂ ਅਸੀਂ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਉ ਕਰਾਂਗੇ। ਉੱਥੇ ਹੀ ਥਾਣਾ, ਮਜੀਠਾ ਰੋਡ ਦੇ ਪੁਲਿਸ ਅਧਿਕਾਰੀ ਜਸਇੰਦਰ ਸਿੰਘ ਵੀ ਮੌਕੇ ਉੱਤੇ ਪੁੱਜੇ ਅਤੇ ਪੀੜਤ ਖੋਖਾ ਮਾਲਿਕਾ ਨੂੰ ਭਰੋਸਾ ਦਿੱਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ 17 ਦੇ ਕਰੀਬ ਇਹ ਖੋਖੇ ਹਨ, ਜੋ ਢਾਹੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਬਤ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਨ੍ਹਾਂ ਨਾਲ ਬਿਠਾਕੇ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ:Punjab DGP In Amritsar: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਡੀਜੀਪੀ ਗੌਰਵ ਯਾਦਵ, ਕਿਹਾ- ਜੋ ਕਾਨੂੰਨ ਨੂੰ ਲੋੜੀਂਦਾ, ਉਸ ਨੂੰ ਕਰਾਂਗੇ ਗ੍ਰਿਫ਼ਤਾਰ