ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਓਠੀਆਂ ਦੇ ਅੰਗਰੇਜ਼ ਸਿੰਘ ਦੀ ਲਾਸ਼ ਐਤਵਾਰ ਸਵੇਰੇ ਖੇਤਾਂ ਵਿੱਚੋਂ ਇੱਕ ਦਰੱਖਤ 'ਤੇ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅੰਗਰੇਜ਼ ਸਿੰਘ ਟਰੱਕ ਡਰਾਈਵਰ ਵੱਜੋਂ ਕੰਮ ਕਰਦਾ ਸੀ, ਜੋ ਕਿ ਪਿਛਲੇ 6 ਦਿਨਾਂ ਤੋਂ ਘਰ ਨਹੀਂ ਪੁੱਜਿਆ ਸੀ। ਪੀੜਤ ਪਰਿਵਾਰ ਅਤੇ ਪੁਲਿਸ ਲਗਾਤਾਰ ਉਸ ਦੀ ਭਾਲ ਵਿੱਚ ਲੱਗੇ ਹੋਏ ਸਨ ਤੇ ਅੱਜ ਉਸਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਅੰਗਰੇਜ਼ ਸਿੰਘ ਦੀ ਭਾਲ ਕਰ ਰਹੇ ਹਨ। 29 ਤਾਰੀਕ ਨੂੰ ਰਾਤ 8 ਕੁ ਵਜੇ ਤੱਕ ਉਸ ਨੂੰ ਪਿੰਡ ਵਿੱਚ ਵੇਖਿਆ ਗਿਆ ਸੀ, ਜਿਸ ਪਿੱਛੋਂ ਉਹ ਨਹੀਂ ਵੇਖਿਆ ਗਿਆ। ਇੱਕ ਦਸੰਬਰ ਨੂੰ ਉਸ ਦੀ ਭਾਲ ਲਈ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਗਈ ਸੀ।