ਚੰਡੀਗੜ੍ਹ :ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਪੰਜਾਬ ਵਿੱਚ ਜਾਰੀ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਕੱਲ੍ਹ ਤੋਂ ਲੈ ਕੇ ਹੁਣ ਤਕ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੇ ਪੁਲਿਸ ਨੂੰ ਵੰਗਾਰਿਆ ਵੀ ਗਿਆ ਹੈ ਪਰ ਉਹ ਇਹ ਵੀਡੀਓਜ਼ ਤੇ ਆਡੀਓ ਕਲਿੱਪਾਂ ਕਿਥੋਂ ਜਾਰੀ ਕਰ ਰਿਹਾ ਹੈ ਇਹ ਜਾਂਚ ਦਾ ਵਿਸ਼ਾ ਹੈ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਨਾਲ ਜੁੜੀ ਹਰ ਥਾਂ, ਹਰ ਵਿਅਕਤੀ ਕੋਲੋਂ ਨੀਝ ਨਾਲ ਪੁੱਛਗਿੱਛ ਤੇ ਜਾਂਚ ਕੀਤੀ ਜਾ ਰਹੀ ਹੈ। ਇਸੇ ਜਾਂਚ ਦੇ ਮੱਦੇਨਜ਼ਰ ਅੱਜ ਪੁਲਿਸ ਹੱਥ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੇ ਘਰ ਨੇੜਿਓਂ ਦਰੱਖਤ ਨਾਲ ਲਟਕਦਾ ਇਕ ਡਰੋਨ ਮਿਲਿਆ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਦਾ ਬਿਆਨ ਨਹੀਂ ਆਇਆ ਪਰ ਖਬਰ ਹੈ ਕਿ ਅੱਜ ਪੁਲਿਸ ਦੀ ਜਾਂਚ ਦੌਰਾਨ ਮੁਲਾਜ਼ਮਾਂ ਹੱਥ ਇਹ ਡਰੋਨ ਲੱਗਾ ਹੈ।
Operation Amritpal: ਅੰਮ੍ਰਿਤਪਾਲ ਦੇ ਘਰ ਨੇੜਿਓਂ ਮਿਲਿਆ ਡਰੋਨ, ਪੁਲਿਸ ਨੇ ਕਿਹਾ- "ਇਹ ਮਹਿਜ਼ ਖਿਡੌਣਾ" - ਪੰਜਾਬ ਪੁਲਿਸ
ਅੰਮ੍ਰਿਤਪਾਲ ਸਿੰਘ ਦੇ ਘਰ ਨੇੜਿਓਂ ਪੁਲਿਸ ਨੂੰ ਡਰੋਨ ਬਰਾਮਦ ਹੋਇਆ ਹੈ। ਡਰੋਨ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ।
ਵੀਡੀਓ ਸੰਦੇਸ਼ ਰਾਹੀਂ ਸਰਕਾਰ ਨੂੰ ਵੰਗਾਰਿਆ :ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਵੱਲੋਂ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਵੱਲੋਂ ਖੁਦ ਦੇ ਚੜ੍ਹਦੀ ਕਲਾ ਤੇ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹੋਣ ਦੀ ਗੱਲ ਕਹੀ ਗਈ ਸੀ। ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਇਕ ਆਡੀਓ ਤੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਰਕਾਰ ਨੂੰ ਵੰਗਾਰਿਆ ਗਿਆ ਹੈ ਕਿ ਮੈਂ ਹਕੂਮਤ ਤੋਂ ਡਰਦਾ ਨਹੀਂ ਤੇ ਨਾ ਹੀ ਗ੍ਰਿਫ਼ਤਾਰੀ ਤੋਂ ਡਰਦਾ ਹਾਂ। ਉਸ ਨੇ ਵੀਡੀਓ ਵਿੱਚ ਕਿਹਾ ਹੈ ਕਿ ਮੈਂ ਭੱਜਿਆ ਨਹੀਂ ਬਗਾਵਤ ਦੇ ਰਾਹ ਉਤੇ ਹਾਂ ਤੇ ਜਲਦ ਹੀ ਸੰਗਤ ਦੇ ਸਨਮੁਖ ਹੋਵਾਂਗਾ। ਇਨ੍ਹਾਂ ਵੀਡੀਓਜ਼ ਤੋਂ ਬਾਅਦ ਅੱਜ ਪੁੁਲਿਸ ਹੱਥ ਡਰੋਨ ਲੱਗਾ ਹੈ। ਹਾਲਾਂਕਿ ਕੁਝ ਪੁਲਿਸ ਸੂਤਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਡਰੋਨ ਪੁਲਿਸ ਵੱਲੋਂ ਹੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕਾਇਆ, ਘਿਰਾਓ ਕਰਨ ਲਈ ਮਤਾ ਕੀਤਾ ਪਾਸ
ਇਹ ਮਹਿਜ਼ ਖਿਡੌਣਾ ਹੈ ਹੋਰ ਕੁਝ ਨਹੀਂ :ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਘਰ ਨਜ਼ਦੀਕ ਇਕ ਡਰੋਨ ਮਿਲਿਆ ਹੈ। ਅਧਿਕਾਰੀਆਂ ਵੱਲੋਂ ਜਦੋਂ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਮਹਿਜ਼ ਇਕ ਖਿਡੌਣਾ ਹੈ, ਜੋ ਕਿਸੇ ਬੱਚੇ ਦਾ ਉਡ ਕੇ ਖੇਤਾਂ ਵਿੱਚ ਆ ਡਿੱਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਖਿਡੌਣੇ ਦੀ ਬੈਟਰੀ ਡਿਫਿਊਜ਼ ਕਰ ਦਿੱਤੀ ਗਈ ਹੈ।