ਅੰਮ੍ਰਿਤਸਰ: ਵਿਸਾਖੀ ਦੇ ਮੌਕੇ ਪਾਕਿਸਤਾਨ ਜਾਣ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਇਆ। 431 ਦੇ ਕਰੀਬ ਸ਼ਰਧਾਲੂ ਵਿਸਾਖੀ ਉੱਤੇ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ।
ਇਹ ਜਥਾ ਪਾਕਿਸਤਾਨ ਵਿੱਚ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਪਰਬ ਮਨਾ ਕੇ ਪਾਕਿਸਤਾਨ ਦੇ ਵੱਖ-ਵੱਖ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰਕੇ 21 ਅਪ੍ਰੈਲ ਨੂੰ ਉਥੋਂ ਵਾਪਸ ਭਾਰਤ ਲਈ ਰਵਾਨਾ ਹੋਵੇਗਾ। 22 ਅਪ੍ਰੈਲ ਨੂੰ ਭਾਰਤ ਪੁੱਜੇਗਾ। ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸਿੱਖ ਸ਼ਰਧਾਲੂਆਂ ਦੇ ਗੱਲਾਂ ਵਿੱਚ ਸਿਰੋਪਾਓ ਪਾ ਕੇ ਬੜੀ ਸ਼ਰਧਾ ਭਾਵਨਾ ਨਾਲ ਰਵਾਨਾ ਕੀਤਾ।
ਵਿਸਾਖੀ ਮੌਕੇ ਪਾਕਿ ਜਾ ਰਹੇ ਜਥੇ ਨੂੰ ਐਸਜੀਪੀਸੀ ਦੇ ਦਫ਼ਤਰ ਤੋਂ ਕੀਤਾ ਰਵਾਨਾ ਇਸ ਜੱਥੇ ਦੀ ਅਗਵਾਈ ਕਰ ਰਹੇ ਐਸਜੀਪੀਸੀ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ 793 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, 356 ਦੇ ਕਰੀਬ ਵੀਜ਼ੇ ਰੱਦ ਕਰ ਦਿੱਤੇ ਹਨ ਤੇ 431 ਦੇ ਕਰੀਬ ਸ਼ਰਧਾਲੂ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਜਥੇ ਦੇ ਰੂਪ ਵਿੱਚ ਰਵਾਨਾ ਹੋਏ।
ਉਨ੍ਹਾਂ ਕਿਹਾ ਕਿ 6 ਸ਼ਰਧਾਲੂ ਕੋਰੋਨਾ ਪੌਜ਼ੀਟਿਵ ਆਉਣ ਕਰਕੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ। ਇਹ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ।
ਦੱਸਦਈਏ ਕਿ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਵਿਸਾਖੀ ਦਾ ਦਿਹਾੜਾ ਅੱਜ ਸਿੱਖ ਸ਼ਰਧਾਲੂ ਪਾਕਿਸਤਾਨ ਵਿੱਚ ਮਨਾਉਣ ਜਾ ਰਹੇ ਹਨ, ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਜਾਣ ਵਾਲੇ ਜੱਥੇ ਉੱਤੇ ਐਨ ਮੌਕੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਚਲਦੇ ਸਿੱਖ ਕੌਮ ਦੇ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਸੀ।