ਪਾਕਿਸਤਾਨ ਤੋਂ ਵਾਪਿਸ ਪਰਤਿਆ ਜਥਾ ਅੰਮ੍ਰਿਤਸਰ:ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ 21 ਜੂਨ ਨੂੰ 205 ਸ਼ਰਧਾਲੂਆਂ ਦਾ ਜਥਾ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਸੀ। ਹੁਣ ਇਹ ਜਥਾ ਆਪਣੀ ਯਾਤਰਾ ਪੂਰੀ ਕਰਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭਾਰਤ ਪਹੁੰਚਿਆ। ਇਸ ਮੌਕੇ ਵਾਪਸ ਆਏ ਸ਼ਰਧਾਲੂਆ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਸੀ।
ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ: ਉਨ੍ਹਾਂ ਕਿਹਾ ਕਿ ਉਹ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਸਭ ਤੋਂ ਪਹਿਲਾਂ ਸੰਗਤ ਨਨਕਾਣਾ ਸਾਹਿਬ ਪਹੁੰਚੀ ਅਤੇ ਫਿਰ ਇਸ ਤੋਂ ਬਾਅਦ ਗੁਰਦੁਆਰਾ ਸੱਚਾ ਸੌਦਾ, ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਵਾਪਸ ਆਪਣੇ ਦੇਸ਼ ਭਾਰਤ ਪੁੱਜੇ।
ਪਾਕਿਸਤਾਨ ਵਿੱਚ ਮਿਲਿਆ ਪਿਆਰ:ਸੰਗਤ ਦਾ ਕਹਿਣਾ ਹੈ ਕਿ ਉਹ ਵਾਹਿਗੁਰੂ ਅੱਗੇ ਨਿੱਤ ਅਰਦਾਸ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੇ ਵਿਛੜੇ ਗੁਰੂਧਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਅਤੇ ਹੁਣ ਉਹ ਮੌਕਾ ਉਨ੍ਹਾਂ ਨੂੰ ਪ੍ਰਾਪਤ ਹੋਇਆ ਅਤੇ ਉਨ੍ਹਾਂ ਨੇ ਦਰਸ਼ਨ ਵੀ ਕੀਤੇ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਗਏ ਸਨ ਪਰ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਬਾਹਰਲੇ ਦੇਸ਼ ਵਿੱਚ ਆਏ ਹਨ, ਸਗੋਂ ਉਨ੍ਹਾਂ ਨੂੰ ਆਪਣੇ ਦੇਸ਼ ਵਰਗਾ ਪਿਆਰ ਮਿਲਿਆ ਹੈ।
ਸੁਰੱਖਿਆ ਦੇ ਕਰੜੇ ਪ੍ਰਬੰਧ: ਉਨ੍ਹਾਂ ਕਿਹਾ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਸੰਗਤ ਦੀ ਇੱਕ ਬੱਸ ਦੇ ਨਾਲ ਪਾਕਿਸਤਨ ਫੋਰਸ ਦੀਆ ਦੋ-ਦੋ ਬੱਸਾਂ ਅੱਗੇ-ਪਿੱਛੇ ਸਨ। ਸੰਗਤ ਦਾ ਕਹਿਣ ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੋਵੇ। ਸ਼ਰਧਾਲੂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂਘਰ ਤੋਂ ਇਲਾਵਾ ਬਾਹਰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿੰਨੇ ਪਾਸਪੋਰਟ ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤੇ ਹਨ, ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲਣੇ ਚਾਹੀਦੇ ਹਨ ਕਿਉਂਕਿ ਹਰ ਸ਼ਰਧਾਲੂ ਦੇ ਅੰਦਰ ਦਰਸ਼ਨ ਕਰਨ ਦੀ ਇੱਛਾ ਹੁੰਦੀ ਹੈ।