ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਹਰਮਿਰਤ ਕੌਰ ਬਾਦਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ 'ਤੇ ਕਈ ਸ਼ਬਦੀ ਹਮਲੇ ਵੀ ਕੀਤੇ।
ਸਰਕਾਰ ਨੇ ਨਹੀਂ ਕੀਤੀ ਲੋਕਾਂ ਦੀ ਮਦਦ: ਹਰਮਿਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੇ ਨਾਲ ਡੁੱਬ ਗਿਆ ਤੇ ਕਈ ਲੋਕਾਂ ਦਾ ਨੁਕਸਾਨ ਹੋਇਆ ਪਰ ਪੰਜਾਬ ਦੀ ਸਰਕਾਰ ਵਲੋਂ ਹੁਣ ਤੱਕ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 6800 ਕਰੋੜ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਪਰ ਇਹ ਫੰਡ ਲੋਕਾਂ ਦੀ ਮਦਦ ਵਜੋਂ ਨਾ ਵਰਤਣ 'ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਟੇਟ ਡਿਜ਼ਾਸਟਰ ਫੰਡਾਂ ਵਿੱਚੋਂ ਰਾਹਤ ਫੰਡ ਦੀ ਰਕਮ ਹਰ ਸੂਬੇ ਕੋਲ ਜਮ੍ਹਾ ਹੁੰਦੀ ਹੈ ਜੋ ਸਭ ਨੂੰ ਪਤਾ ਵੀ ਹੈ ਪਰ ਮੁੱਖ ਮੰਤਰੀ ਦਾ ਕਹਿਣਾ ਕਿ ਉਹ ਕੇਂਦਰ ਤੋਂ ਪੈਸੇ ਮੰਗਣਗੇ ਨਹੀਂ ਇਹ ਬਿਲਕੁਲ ਗਲਤ ਹੈ।
'ਤਬਾਹੀ ਨਾਲ ਲੋਕ ਮਰ ਰਹੇ ਪਰ ਨਹੀਂ ਮਿਲੀ ਰਾਹਤ': ਬੀਬਾ ਬਾਦਲ ਦਾ ਕਹਿਣਾ ਕਿ ਹਰ ਸਾਲ 3200 ਕਰੋੜ ਫੰਡ ਸੂਬੇ ਕੋਲ ਹੁੰਦਾ ਜੋ ਖਰਚ ਹੋਣ 'ਤੇ ਫਿਰ ਕੇਂਦਰ ਦੇ ਦਿੰਦਾ ਹੈ ਪਰ ਸੂਬੇ ਦਾ ਮੁੱਖ ਮੰਤਰੀ ਜੋ ਮਰੀਆਂ ਮੁਰਗੀਆਂ ਲਈ ਮੁਆਵਜ਼ਾ ਦੇਣ ਦੀ ਗੱਲ ਕਰਦਾ ਸੀ, ਉਸ ਵਲੋਂ ਹੁਣ ਤੱਕ ਕਿਸੇ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾ ਤਾਂ ਸਹੂਲਤ ਮਿਲੀ ਤੇ ਲੋਕਾਂ ਦੇ ਘਰ ਤੇ ਫਸਲ ਬਰਬਾਦ ਹੋ ਗਈ ਤੇ ਹੁਣ ਆਮਦਨ ਦਾ ਉਨ੍ਹਾਂ ਕੋਲ ਕੋਈ ਸਰੋਤ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀ ਕਿ ਗਿਰਦਾਵਰੀ ਦੀ ਲੋੜ ਨਹੀਂ ਪਹਿਲਾਂ ਮੁਆਵਜ਼ਾ ਦਿੱਤਾ ਜਾਊ ਪਰ ਹੁਣ ਤੱਕ ਲੋਕਾਂ ਨੂੰ ਇੱਕ ਰੁਪਇਆ ਤੱਕ ਨਹੀਂ ਆਇਆ।