ਅੰਮ੍ਰਿਤਸਰ:ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਗੈਂਗਸਟਰਾਂ ਦੇ ਨਾਮ ਦੇ ਉੱਪਰ ਫਿਰੌਤੀਆਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਅਧੀਨ ਮਿਹਰਬਾਨ ਪੂਰਾ ਕਸਬੇ ਦਾ, ਜਿੱਥੋਂ ਦੇ ਸਾਬਕਾ ਸਰਪੰਚ ਗੁਰਪਾਲ ਸਿੰਘ ਤੋਂ ਇਕ ਵਿਅਕਤੀ ਵੱਲੋਂ ਫੋਨ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਮ ਲੈ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਜਦੋਂ ਸਾਬਕਾ ਸਰਪੰਚ ਗੁਰਪਾਲ ਸਿੰਘ ਵੱਲੋਂ ਫਿਰੌਤੀ ਦੇਣ ਤੋਂ ਮਨਾ ਕਰ ਦਿੱਤਾ, ਤਾਂ ਉਕਤ ਮੁਲਜ਼ਮ ਸੰਦੀਪ ਸਿੰਘ ਵੱਲੋਂ ਸਾਬਕਾ ਸਰਪੰਚ ਦੇ ਘਰ ਜਾ ਕੇ ਉਸ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ ਨੇ ਉਸ ਦੇ ਬੱਚਿਆਂ ਨਾਲ ਵੀ ਬਦਸਲੂਕੀ ਕੀਤੀ।
ਮੁਲਜ਼ਮ ਨੇ ਆਪਣੇ ਆਪ ਨੂੰ ਦੱਸਿਆ ਜੱਗੂ ਭਗਵਾਨਪੁਰੀਆ ਦਾ ਸਾਥੀ: ਇਸ ਸਬੰਧ ਵਿੱਚ ਸਾਬਕਾ ਸਰਪੰਚ ਗੁਰਪਾਲ ਸਿੰਘ ਵੱਲੋਂ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ, ਤਾਂ ਪੁਲਿਸ ਵੱਲੋਂ ਹੁਣ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸੋਮਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਵਾਇਆ ਗਿਆ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਡਿਆਲਾ ਗੁਰੂ ਥਾਣਾ ਮੁਖੀ ਮੁਖਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਰਖਾਸਤ ਆਈ ਸੀ ਕਿ ਮੇਹਰਬਾਨ ਪੂਰਾ ਦੇ ਸਾਬਕਾ ਸਰਪੰਚ ਗੁਰਪਾਲ ਸਿੰਘ ਤੋਂ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦਾ ਬੰਦਾ ਦਸ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਉਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਹੁਣ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।