ਅੰਮ੍ਰਿਤਸਰ: ਮਹਾਸ਼ਿਵਰਾਤਰੀ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਮਹਾਸ਼ਿਵਰਾਤਰੀ ਦਾ ਤਿਉਹਾਰ ਮਹਾਦੇਵ ਨੂੰ ਪ੍ਰਸੰਨ ਕਰਨ ਅਤੇ ਪੂਜਾ ਕਰਨ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਅੱਜ ਹਰ ਘਰ ਅਤੇ ਹਰ ਗਲੀ ਵਿੱਚ ਹਰ-ਹਰ ਮਹਾਦੇਵ ਦੀ ਗੂੰਜ ਸੁਣਾਈ ਦੇ ਰਹੀ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਮੰਦਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।
ਸ਼ਿਵ-ਪਾਰਵਤੀ ਵਿਆਹ: ਇਸ ਸ਼ੁਭ ਦਿਹਾੜੇ ਮੌਕੇ ਭੋਲੇ ਨਾਥ ਅਤੇ ਮਾਤਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਮੌਕੇ ਮੰਦਰਾਂ 'ਚ ਸ਼ਰਧਾਲੂਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਘੰਟਿਆਂ ਬੱਧੀ ਲਾਈਨਾਂ 'ਚ ਲੱਗ ਕੇ ਮੱਥਾ ਟੇਕਣ ਦਾ ਇੰਤਜ਼ਾਰ ਕਰ ਰਿਹਾ ਹੈ।
ਪ੍ਰਾਚੀਨ ਸ਼ਿਵਾਲਾ ਮੰਦਰ: ਮਹਾਂਸ਼ਿਵਰਾਤਰੀ ਮੌਕੇ ਅੰਮ੍ਰਿਤਸਰ ਦੇ ਪ੍ਰਾਚੀਨ ਸ਼ਿਵਾਲਾ ਮੰਦਰ 'ਚ ਸ਼ਰਧਾਲੂ ਦੂਰੋਂ-ਦੂਰੋਂ ਮੱਥਾ ਟੇਕਣ ਆ ਰਹੇ ਹਨ। ਮੰਦਰ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ। ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਵੀ ਦਿੱਕਤ ਪੇਸ਼ ਨਾ ਆਵੇ।