ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੂਜੇ ਦਿਨ ਵੀ ਲਗਾਤਾਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਤੜਕਸਾਰ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਜਾਣ ਲਈ ਨਿਕਲੇ ਨੌਜਵਾਨ ਦਾ ਦੋ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਲੁੱਟ ਦੀ ਨੀਅਤ ਨਾਲ ਆਏ ਸਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਨੀ ਅਤੇ ਬੱਚੇ ਦੇ ਬਿਆਨ ਲਏ ਜਾ ਰਹੇ ਹਨ।
ਤੜਕਸਾਰ ਵਾਪਰੀ ਘਟਨਾ: ਇਹ ਘਟਨਾ ਅੰਮ੍ਰਿਤਸਰ ਦੇ ਘਣੂਪੁਰ ਕਾਲੇ ਵਿਖੇ ਵਾਪਰੀ ਹੈ। ਮ੍ਰਿਤਕ ਦੀ ਪਹਿਚਾਣ ਹਰਪਿੰਦਰ ਸਿੰਘ (35) ਵਜੋਂ ਹੋਈ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਅੰਮ੍ਰਿਤਸਰ ਪਰਤਿਆ ਸੀ। ਸਵੇਰੇ 3.30 ਵਜੇ ਉਹ ਆਪਣੇ ਬੱਚੇ ਅਤੇ ਪਤਨੀ ਨਾਲ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਇਆ ਸੀ। ਉਦੋਂ ਦੋ ਅਣਪਛਾਤੇ ਨੌਜਵਾਨ ਬਾਈਕ 'ਤੇ ਆਏ। ਉਨ੍ਹਾਂ ਨੇ ਆਉਂਦਿਆਂ ਹੀ ਲੁੱਟ ਦੀ ਕੋਸ਼ਿਸ਼ ਕੀਤੀ ਪਰ ਹਰਪਿੰਦਰ ਨੇ ਇਸ ਦਾ ਵਿਰੋਧ ਕੀਤਾ। ਫਿਰ ਮੁਲਜ਼ਮ ਨੇ ਮ੍ਰਿਤਕ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆ ਗਏ ਅਤੇ ਹਰਪਿੰਦਰ ਨੂੰ ਹਸਪਤਾਲ ਲੈਕੇ ਗਏ ਪਰ ਹਰਪਿੰਦਰ ਦੀ ਮੌਤ ਹੋ ਗਈ।
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ: ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਮ੍ਰਿਤਕ ਕੁਝ ਦਿਨਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਐਤਵਾਰ ਹੋਣ ਕਾਰਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਰਿਵਾਰ ਨਾਲ ਜਾ ਰਿਹਾ ਸੀ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਕਾਤਲਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।