ਅੰਮ੍ਰਿਤਸਰ:ਵਿਦੇਸ਼ਾਂ ਵਿੱਚ ਤੇ ਉੱਥੋਂ ਪੰਜਾਬ ਆ ਰਹੇ ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ 'ਚ ਕੈਨੇਡਾ ਤੋਂ ਲੋਹੜੀ ਮਨਾਉਣ ਲਈ ਪੰਜਾਬ ਆਏ ਨੌਜਵਾਨ ਅਰਸ਼ਦੀਪ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਉਮਰ 25 ਸਾਲ ਸੀ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅਰਸ਼ਦੀਪ ਲੋਹੜੀ ਅਤੇ ਕੁਝ ਰਿਸ਼ਤੇਦਾਰਾਂ ਦੇ ਵਿਆਹ ਵੇਖਣ ਲਈ ਪੰਜਾਬ ਆਇਆ ਸੀ, ਪਰ ਅਜਿਹਾ ਹੋ ਨਾ ਸਕਿਆ।
ਇਕ ਦਿਨ ਪਹਿਲਾਂ ਹੱਸਦੇ ਖੇਡਦੇ ਬੀਤੀ ਰਾਤ: ਅਰਸ਼ਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਪਰਿਵਾਰ ਨੇ ਹੱਸਦੇ ਖੇਡਦੇ ਰਾਤ ਬਿਤਾਈ। ਸਵੇਰੇ ਸਵੇਰੇ ਅਰਸ਼ਦੀਪ ਨੇ ਇਕ ਚੀਕ ਮਾਰੀ, ਤਾਂ ਅਸੀਂ ਉਸ ਸਮੇਂ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅਰਸ਼ ਦੇ ਪਿਤਾ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਸੀ। ਉਨ੍ਹਾਂ ਦਾ ਸਾਊ ਪੁੱਤ ਸੀ। ਦੋ ਮਹੀਨਿਆਂ ਦੀ ਛੁੱਟੀ ਉੱਤੇ ਉਹ ਘਰ ਆਇਆ ਸੀ। ਅਜੇ ਕੈਨੇਡਾ ਤੋਂ ਆਏ ਉਸ ਨੂੰ 10 ਕੁ ਦਿਨ ਹੀ ਹੋਏ ਸੀ। ਉਸ ਦੀ ਅਚਾਨਕ ਮੌਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ।