ਬਿਆਸ ਦਰਿਆ ਦੇ ਪਾਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੰਚਾਈ ਵਿਭਾਗ ਦੇ ਅਧਿਕਾਰੀ।
ਅੰਮ੍ਰਿਤਸਰ/ਮਾਨਸਾ/ਕਪੂਰਥਲਾ/ਫਤਿਹਗੜ੍ਹ ਸਾਹਿਬ : ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਤਬਾਹੀ ਮਚਾਉਂਦੇ ਹੋਏ ਹੁਣ ਦਰਿਆ ਬਿਆਸ ਵੀ ਭਿਆਨਕ ਰੂਪ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਬਿਆਸ ਦਰਿਆ ਦੇ ਵਿੱਚ ਪਾਣੀ ਦੀਆਂ ਭਿਆਨਕ ਤਸਵੀਰਾਂ ਨੂੰ ਦੇਖ ਕੇ ਦਰਿਆ ਬਿਆਸ ਕੰਢੇ ਨੀਵੇਂ ਖੇਤਰਾਂ ਵਿੱਚ ਰਹਿੰਦੇ ਲੋਕ ਡਰੇ ਹੋਏ ਹਨ। ਬੀਤੇ ਦਿਨੀਂ ਸਤਲੁਜ ਅਤੇ ਘੱਗਰ ਦਰਿਆ ਦੇ ਕਹਿਰ ਦੀਆਂ ਤਸਵੀਰਾਂ ਨੂੰ ਦੇਖ ਹੁਣ ਇੱਥੇ ਵੀ ਹੜ੍ਹ ਵਰਗੀ ਸਥਿਤੀ ਬਣਨ ਦੀ ਸੰਭਾਵਨਾ ਹੈ।
ਬਿਆਸ ਦਰਿਆ ਉੱਤੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਦੇ ਮੁਤਾਬਿਕ ਪਰਸੋਂ ਬਿਆਸ ਦਰਿਆ ਵਿੱਚ ਪਾਣੀ 738 ਸੀ ਅਤੇ 50 ਹਜ਼ਾਰ ਕਿਊਸਿਕ ਪਾਣੀ ਚਲ ਰਿਹਾ ਸੀ। ਸਵੇਰ ਵੇਲੇ 739 ਦੇ ਨਾਲ 67 ਹਜਾਰ ਕਿਊਸਿਕ ਪਾਣੀ ਵਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ।
ਵਿਧਾਇਕ ਲਖਬੀਰ ਸਿੰਘ ਰਾਏ ਮੀਡੀਆ ਨੂੰ ਸੰਬੋਧਨ ਕਰਦੇ ਹੋਏ। ਮ੍ਰਿਤਕ ਗੁੱਡੂ ਦੇ ਪਰਿਵਾਰ ਨੂੰ ਦਿੱਤਾ ਮੁਆਵਜ਼ਾ : ਦੂਜੇ ਪਾਸੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਬੀਤੇ ਦਿਨੀਂ ਆਏ ਹੜ੍ਹਾਂ ਵਿੱਚ ਮ੍ਰਿਤਕ ਗੁੱਡੂ ਦੇ ਪਿਤਾ ਹਰੀ ਚੰਦਰ ਨੂੰ ਸਰਕਾਰ ਵੱਲੋਂ 4 ਲੱਖ ਰੁਪਏ ਦੀ ਮਾਲੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਣ ਦਾ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਜਿਥੇ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਜ਼ਿਲ੍ਹੇ ਵਿੱਚ ਗੁੱਡੂ ਦੀ ਪਾਣੀ ਵਿੱਚ ਰੁੜ ਜਾਣ ਕਾਰਨ ਮੌਤ ਹੋ ਗਈ ਸੀ। ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਵਿੱਚ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ।
ਸਰਦੂਲਗੜ੍ਹ ਵਿੱਚ ਆਏ ਪਾਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ। ਘੱਗਰ ਵਿੱਚ ਇੱਕ ਹੋਰ ਪਾੜ ਪਿਆ :ਉੱਧਰ, ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਭਲਣਵਾਲਾ ਵਿਖੇ ਘੱਗਰ ਦੇ ਵਿੱਚ ਇੱਕ ਹੋਰ ਪਾੜ ਪੈ ਚੁੱਕਿਆ ਹੈ, ਜਿਸ ਕਾਰਨ ਪਿੰਡ ਦੇ ਆਸਪਾਸ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕ ਪਿੰਡ ਨੂੰ ਬਚਾਉਣ ਦੇ ਲਈ ਮਿੱਟੀ ਲਗਾਉਣ ਵਿੱਚ ਲੱਗੇ ਹੋਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਘੱਗਰ ਟੁੱਟਣ ਕਾਰਨ ਪਾਣੀ ਇੰਨਾ ਜ਼ਿਆਦਾ ਆਇਆ ਹੈ ਕਿ ਪਾਣੀ ਰੋਕਣਾ ਮੁਸ਼ਕਿਲ ਹੋ ਗਿਆ ਹੈ। ਪਿੰਡ ਵਾਸੀ ਰੇਖਾ ਰਾਣੀ, ਕਿਰਨਾ ਕੌਰ ਨੇ ਦੱਸਿਆ ਕਿ ਘੱਗਰ ਟੁੱਟਣ ਕਾਰਨ ਪਾਣੀ ਘਰਾਂ ਦੇ ਵਿੱਚ ਆ ਗਿਆ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਇੱਕ ਗਰੀਬ ਪਰਿਵਾਰ ਨੇ ਮਹਿਜ ਇਕ ਮਹੀਨਾ ਪਹਿਲਾਂ ਹੀ ਘਰ ਬਣਾਇਆ ਸੀ, ਜਿਹਨਾਂ ਦਾ ਘਰ ਪਾਣੀ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਥਾਨਕ ਵਿਧਾਇਕ ਵੱਲੋਂ ਪਿੰਡ ਵਾਸੀਆਂ ਦੀ ਮਦਦ ਕੀਤੀ ਜਾ ਰਹੀ ਤਾਂ ਕਿ ਮਿੱਟੀ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਸਕੇ।
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਆਏ ਹੜ੍ਹ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।
25 ਪਿੰਡਾਂ ਨੂੰ ਪਾਣੀ ਦੀ ਮਾਰ : ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਉੱਪਰ ਵੀ ਬਿਆਸ ਦੇ ਪਾਣੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਪਾਣੀ ਦਾ ਪੱਧਰ ਵਧਦਾ ਹੈ ਤਾਂ ਉਸ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਵੀ ਦੁੱਗਣੀਆਂ ਹੀ ਜਾਂਦੀਆਂ ਹਨ। ਉਹਨਾਂ ਵੱਲੋਂ ਲਗਾਏ ਕਈ ਆਰਜੀ ਬੰਨ ਟੁੱਟ ਗਏ ਹਨ, ਜਿਸ ਨਾਲ ਉਹਨਾਂ ਦੀਆਂ ਫਸਲਾਂ, ਘਰਾਂ ਤੇ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਲਾਕੇ ਦੇ ਕਰੀਬ 25 ਪਿੰਡ ਪ੍ਰਭਾਵਿਤ ਹੋਏ ਹਨ, ਜਿਸਦੀ ਸਾਰ ਲੈਣ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਕੋਲ ਨਹੀਂ ਪਹੁੰਚਿਆ ਹੈ।
ਬਿਆਸ ਦਰਿਆ ਵਿੱਚ ਲਗਾਤਾਰ ਵਧ ਰਾਹੀਂ ਪਾਣੀ ਦੀ ਆਮਦ ਤੋਂ ਬਾਅਦ ਅੱਜ ਦੇਰ ਸ਼ਾਮ ਪਏ ਕਰੀਬ ਇਕ ਘੰਟੇ ਦੇ ਮੀਂਹ ਅਤੇ ਡੈਮ ਸਣੇ ਪਹਾੜਾਂ ਤੋਂ ਆ ਰਹੇ ਪਾਣੀ ਨਾਲ ਹੁਣ ਬਿਆਸ ਦਰਿਆ ਵੀ ਨੱਕੋ ਨੱਕ ਭਰਦਾ ਨਜਰ ਆ ਰਿਹਾ ਹੈ। ਪਾਣੀ ਦੀ ਇਸ ਤੇਜ ਅਤੇ ਭਿਆਨਕ ਰਫਤਾਰ ਨਾਲ ਨੀਵੇਂ ਇਲਾਕੇ ਵਿੱਚ ਰਹਿੰਦੇ ਲੋਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਦੱਸ ਦੇਈਏ ਕਿ ਪਹਿਲਾਂ ਹੀ ਬਿਆਸ ਦਰਿਆ ਦਾ ਪਾਣੀ ਖੇਤਾਂ ਵਿੱਚ ਤਬਾਹੀ ਮਚਾ ਰਿਹਾ ਹੈ ਪਰ ਹੁਣ ਇਸਦੀ ਹੋਰ ਵੀ ਭਿਆਨਕ ਸਥਿਤੀ ਨਾਲ ਬਿਆਸ ਨੇੜਲੀ ਇਲਾਕਿਆਂ ਵਿੱਚ ਨੁਕਸਾਨ ਹੋ ਸਕਦਾ ਹੈ। ਫਿਲਹਾਲ ਸਵੇਰ ਤੱਕ ਇਹ ਤਸਵੀਰ ਸਾਫ ਹੋ ਸਕਦੀ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟਦਾ ਹੈ ਜਾਂ ਫਿਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਦਾ ਹੈ।।