ਅੰਮ੍ਰਿਤਸਰ:ਸ਼ਹਿਰ ਦੀ ਫਤਿਹ ਸਿੰਘ ਕਾਲੋਨੀ 'ਚ ਸਾਗਰ ਅਤੇ ਉਸ ਦੀ ਪਤਨੀ ਜਾਨਵੀ ਨੇ ਜਨਮ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਨ ਵਾਲਿਆਂ ਨੂੰ ਜਾਂ ਕੁੜੀ ਹੋਣ ਉੱਤੇ ਮੂੰਹ ਲਟਕਾ ਕੇ ਬੈਠਣ ਵਾਲੇ ਮਾਤਾ-ਪਿਤਾ ਨੂੰ ਖਾਸ ਸੁਨੇਹਾ ਦਿੱਤਾ। ਦਰਅਸਲ, ਉਨ੍ਹਾਂ ਦਾ ਤਿੰਨ ਸਾਲ ਪਹਿਲਾਂ ਸਾਗਰ ਅਤੇ ਜਾਨਵੀ ਦਾ ਵਿਆਹ ਹੋਇਆ ਸੀ ਅਤੇ ਜਾਨਵੀ ਨੇ 2 ਦਿਨ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਪਤੀ-ਪਤਨੀ ਨੇ ਨਵ ਜੰਮੀ ਬੱਚੀ ਨੂੰ ਬੈਂਡ ਵਾਜੇ ਨਾਲ ਰੱਥ 'ਤੇ ਬਿਠਾ ਕੇ ਘਰ ਲਿਆਂਦਾ ਅਤੇ ਉਸ ਦਾ ਧੂਮਧਾਮ ਦੇ ਨਾਲ ਸਵਾਗਤ ਕੀਤਾ ਗਿਆ। ਇਸ ਸਵਾਗਤ ਦੀਆਂ ਧੁੰਮਾਂ ਨੂੰ ਹਰ ਕੋਈ ਵੇਖਦਾ ਰਹਿ ਗਿਆ।
ਪਰਿਵਾਰ ਵਿੱਚ ਜਸ਼ਨ ਦਾ ਮਾਹੌਲ:ਉੱਥੇ ਹੀ ਬੱਚੀ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਸੀ ਕਿ ਅਸੀਂ ਕਦੇ ਵੀ ਲੜਕੇ ਜਾਂ ਲੜਕੀ ਵਿੱਚ ਵਿਤਕਰਾ ਨਹੀਂ ਕੀਤਾ। ਲੜਕੀ ਘਰ ਦੀ ਲਕਸ਼ਮੀ ਹੈ, ਉਹ ਹੀ ਹੈ, ਜੋ ਪਰਿਵਾਰ ਦਾ ਨਾਂ ਰੋਸ਼ਨ ਕਰਦੀ ਹੈ। ਇਸ ਲਈ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਘਰ ਲੜਕੀ ਪੈਦਾ ਹੁੰਦੀ ਹੈ, ਤਾਂ ਕਈ ਪਰਿਵਾਰ ਦੇ ਜੀਆਂ ਦੇ ਚਿਹਰਿਆਂ 'ਤੇ ਖੁਸ਼ੀ ਨਹੀਂ ਹੁੰਦੀ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਉਂਕਿ ਕੁੜੀ ਹੋਵੇ ਜਾਂ ਮੁੰਡਾ, ਇਹ ਰੱਬ ਦੀ ਦੇਣ ਹੈ।